ਲੈਂਡ ਪੂਲਿੰਗ ਪਾਲਿਸੀ ਰੱਦ ਕਰਨ ਲਈ ਡੀਸੀ ਨੂੰ ਮੰਗ ਪੱਤਰ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 24 ਜੂਨ
ਅੰਮ੍ਰਿਤਸਰ ਜ਼ਿਲ੍ਹੇ ਦੀ ਕਰੀਬ 4600 ਏਕੜ ਜ਼ਮੀਨ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਹੇਠ ਲਿਆਉਣ ਵਿਰੁੱਧ ਅਤੇ ਇਸ ਨੀਤੀ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦਾ ਵਫ਼ਦ ਆਗੂਆਂ ਰਤਨ ਸਿੰਘ ਰੰਧਾਵਾ, ਜਤਿੰਦਰ ਸਿੰਘ ਛੀਨਾ, ਲਖਬੀਰ ਸਿੰਘ ਨਿਜ਼ਾਮ ਪੁਰਾ, ਸਰਪੰਚ ਸਾਧੂ ਸਿੰਘ ਛੀਨਾ ,ਸਵਿੰਦਰ ਸਿੰਘ ਮੀਰਾਂਕੋਟ, ਸ਼ਮਸ਼ੇਰ ਸਿੰਘ ਹੇਰ, ਗੁਰਦੇਵ ਸਿੰਘ ਸੁਲਤਾਨਵਿੰਡ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਮਿਲਿਆ। ਕਿਸਾਨਾ ਦੇ ਵਫਦ ਨੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਵੀ ਦਿੱਤਾ ਹੈ। ਕਿਸਾਨ ਆਗੂਆਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਇਹ ਨੀਤੀ ਕਿਸਾਨਾਂ ਦੀਆਂ ਐਕਸਪ੍ਰੈੱਸਵੇਅ ਦੇ ਨਾਲ ਲੱਗਦੀਆਂ ਜ਼ਮੀਨਾਂ ਨੂੰ ਕਲੋਨੀਆਂ ਬਣਾਉਣ ਦੇ ਨਾਂਅ ਹੇਠ ਲੈ ਕੇ ਕਾਰਪੋਰੇਟਾਂ ਨੂੰ ਵੱਡੇ ਗੁਦਾਮ ਬਣਾਉਣ ਲਈ ਦੇਣ ਦੀ ਸਾਜ਼ਿਸ਼ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਮੁਫ਼ਤ ਹਥਿਆਉਣ ਦੀ ਨੀਤੀ ਤਿਆਰ ਕੀਤੀ ਗਈ ਹੈ, ਜਿਸ ਨੂੰ ਕਿਸਾਨ ਲਹਿਰ ਸਫਲ ਨਹੀਂ ਹੋਣ ਦੇਵੇਗੀ। ਵਫਦ ਵਿੱਚ ਮੇਜਰ ਸਿੰਘ ਕੜਿਆਲ, ਕਲਵੰਤ ਸਿੰਘ ਤੋਲਾ ਨੰਗਲ, ਸੁਖਦੇਵ ਸਿੰਘ ਸਹਿੰਸਰਾ ਤੇ ਬਲਵਿੰਦਰ ਸਿੰਘ ਝਬਾਲ ਆਦਿ ਹਾਜ਼ਰ ਸਨ।