ਪੱਤਰ ਪ੍ਰੇਰਕ
ਤਰਨ ਤਾਰਨ, 25 ਅਗਸਤ
ਡੈਮੋਕਰੇੈਟਿਕ ਮੁਲਾਜ਼ਮ ਫਰੰਟ ਪੰਜਾਬ ਨਾਲ ਸਬੰਧਿਤ ਮਿਡ-ਡੇਅ ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਦੇ ਇਕ ਵਫਦ ਵਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਕੇ. ਐਸ. ਧੰਜੂ ਨੂੰ ਸਿੱਖਿਆ ਮੰਤਰੀ ਪੰਜਾਬ ਦੇ ਨਾਂ ਤੇ ਆਪਣੇ ਮਸਲਿਆਂ ਦਾ ਇਕ ਮੰਗ ਪੱਤਰ ਦਿੱਤਾ| ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਰਾਜਵੰਤ ਕੌਰ ਦੀ ਅਗਵਾਈ ਵਿੱਚ ਦਿੱਤੇ ਮੰਗ ਪੱਤਰ ਵਿੱਚ ਜਥੇਬੰਦੀ ਨੇ ਉਨ੍ਹਾਂ ਨੂੰ ਦਿੱਤਾ ਜਾਂਦਾ ਭੱਤਾ ਘੱਟੋ ਘੱਟ ਉਜਰਤ ਦੇ ਕਾਨੂੰਨ ਨਾਲ ਜੋੜਨ, ਇਕ ਸਾਲ ਵਿੱਚ ਗਰਮ ਤੇ ਸਰਦ ਦੋ ਵਰਦੀਆਂ ਦੇਣ, ਮਿਡ-ਡੇਅ ਮੀਲ ਤੋਂ ਇਲਾਵਾ ਉਨ੍ਹਾਂ ਤੋਂ ਹੋਰ ਵਾਧੂ ਕੰਮ ਨਾ ਲੈਣ, ਬੱਚਿਆਂ ਦੇ ਘੱਟ ਜਾਣ ਤੇ ਉਨ੍ਹਾਂ ਦੀ ਛਾਂਟੀ ਰੱਦ ਕਰਨ, ਹਾਦਸਾ ਆਦਿ ਹੋਣ’ ਤੇ ਸਰਕਾਰ ਵਲੋਂ ਉਨ੍ਹਾਂ ਦਾ 5 ਲੱਖ ਰੁਪਏ ਦਾ ਜੀਵਨ ਜੀਵਨ ਬੀਮਾ ਆਦਿ ਤੇ ਜ਼ੋਰ ਦਿੱਤਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੀ ਆਗੂ ਰਾਜਵਿੰਦਰ ਕੌਰ, ਕਸ਼ਮੀਰ ਕੌਰ ਆਦਿ ਨੇ ਸੰਬੋਧਨ ਕਰਦਿਆਂ ਖਾਣਾ ਆਦਿ ਬਣਾਉਣ ਵਾਲੇ ਹਸਤਾ ਹਾਲ ਹੋ ਚੁੱਕੇ ਕਮਰਿਆਂ ਦੀ ਮੁਰੰਮਤ ਕੀਤੇ ਜਾਣ ਆਦਿ ਦੀ ਮੰਗ ਕੀਤੀ|