
ਸਕੂਲ ਦੇ ਮੈਦਾਨ ਵਿੱਚੋਂ ਜੇਸੀਬੀ ਨਾਲ ਪੁੱਟੀ ਜਾ ਰਹੀ ਮਿੱਟੀ ਅਤੇ ਪਏ ਟੋਏ।
ਦਵਿੰਦਰ ਸਿੰੰਘ ਭੰਗੂ
ਰਈਆ, 5 ਫਰਵਰੀ
ਬਲਾਕ ਰਈਆ ਅਧੀਨ ਆਉਂਦੇ ਪਿੰਡ ਦਨਿਆਲ ਦੇ ਸਕੂਲ ਦੇ ਮੈਦਾਨ (ਜੋ ਹੁਣ ਵਾਟਰ ਸਪਲਾਈ ਨੂੰ ਦਿੱਤੀ ਹੈ) ਵਿਚ ਜੇਸੀਬੀ ਲਾ ਕੇ ਪੰਚਾਇਤ ਵੱਲੋ ਬਿਨਾਂ ਕਿਸੇ ਸਰਕਾਰੀ ਮਨਜ਼ੂਰੀ ਲਏ 4-5 ਫੁੱਟ ਮਿੱਟੀ ਚੁੱਕ ਕੇ ਡੂੰਘੇ ਟੋਏ ਪਾ ਦਿੱਤੇ ਹਨ। ਪਿੰਡ ਦੇ ਲੋਕਾਂ ਵੱਲੋ ਪੁਲੀਸ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਨੂੰ ਸੂਚਿਤ ਕਰਕੇ ਜੇਸੀਬੀ ਅਤੇ ਟਰੈਕਟਰ ਟਰਾਲੀ ਮੌਕੇ ’ਤੇ ਪੁਲੀਸ ਹਵਾਲੇ ਕੀਤੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲੀਸ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ।
ਜਦੋਂ ਪਿੰਡ ਦੇ ਲੋਕਾਂ ਨੂੰ ਟੋਇਆਂ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਰਈਆ ਅਮਨਦੀਪ ਸਿੰਘ, ਡੀਐੱਸਪੀ ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ, ਐੱਸਡੀਐੱਮ ਬਾਬਾ ਬਕਾਲਾ ਅਲਕਾ ਕਾਲੀਆ, ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਨੂੰ ਫ਼ੋਟੋ ਭੇਜ ਕੇ ਸੂਚਿਤ ਕੀਤਾ। ਪਿੰਡ ਦੇ ਮੋਹਤਵਰਾਂ ਨੇ ਕਿਹਾ ਕੇ ਜੇ ਪੰਚਾਇਤ ਕੋਲ ਕੋਈ ਮਨਜ਼ੂਰੀ ਹੈ ਤਾਂ ਦਿਖਾਈ ਜਾਵੇ ਨਹੀਂ ਤਾਂ ਬਣਦੀ ਕਾਰਵਾਈ ਕੀਤੀ ਜਾਵੇ। ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋ ਪਤਾ ਕਰਨ ’ਤੇ ਸਕੂਲ ਦੀ ਗਰਾਊਂਡ ਵਿਚੋਂ ਮਿੱਟੀ ਪੁੱਟਣ ਸਬੰਧੀ ਕਿਸੇ ਪ੍ਰਕਾਰ ਦੀ ਮਨਜ਼ੂਰੀ ਦੀ ਪੁਸ਼ਟੀ ਨਹੀਂ ਹੋਈ। ਪੁਲੀਸ ਥਾਣਾ ਖਿਲਚੀਆ ਤੋ ਏਐੱਸਆਈ ਦੀ ਅਗਵਾਈ ਵਿਚ ਪੁਲੀਸ ਟੀਮ ਵਲੋ ਜੇਸੀਬੀ ਅਤੇ ਟਰੈਕਟਰ ਟਰਾਲੀ ਕਬਜ਼ੇ ਵਿਚ ਲੈ ਕੇ ਥਾਣੇ ਲਿਜਾਇਆ ਗਿਆ। ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਇਸ ਸਬੰਧੀ ਪਿੰਡ ਦੇ ਸਰਪੰਚ ਨੇ ਕਿਹਾ ਕਿ ਇਹ ਮਿੱਟੀ ਪੰਚਾਇਤ ਵੱਲੋ ਪਟਾ ਕੇ ਰੈਂਪਾਂ ’ਤੇ ਪਾਈ ਜਾ ਰਹੀ ਹੈ ਪਰ ਸਕੂਲ ਦੀ ਗਰਾਊਂਡ ਵਿੱਚੋਂ ਮਿੱਟੀ ਪੁੱਟਣ ਦੀ ਮਨਜ਼ੂਰੀ ਪ੍ਰਾਪਤ ਕਰਨ ਸਬੰਧੀ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਇਸ ਸਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਰਈਆ ਅਮਨਦੀਪ ਸਿੰਘ ਨੇ ਕਿਹਾ ਸਕੂਲ ਦੀ ਗਰਾਊਂਡ ਵਿੱਚੋਂ ਪੰਚਾਇਤ ਨੂੰ ਮਿੱਟੀ ਪੁੱਟਣ ਤੋਂ ਰੋਕ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਐੱਸਡੀਐੱਮ ਬਾਬਾ ਬਕਾਲਾ ਅਲਕਾ ਕਾਲੀਆ ਨੇ ਕਿਹਾ ਕਿ ਇਸ ਸਬੰਧੀ ਬੀਡੀਪੀਓ ਰਈਆ ਨੂੰ ਕਾਰਵਾਈ ਲਈ ਕਿਹਾ ਗਿਆ ਹੈ। ਐੱਸਡੀਓ ਮਾਈਨਿੰਗ ਵਿਭਾਗ ਰਾਹੁਲ ਜੈਨ ਨੇ ਕਿਹਾ ਪਿੰਡ ਦਨਿਆਲ ਦੀ ਪੰਚਾਇਤ ਵੱਲੋਂ ਉਨ੍ਹਾਂ ਦੇ ਵਿਭਾਗ ਪਾਸੋਂ ਕੋਈ ਮਨਜ਼ੂਰੀ ਪ੍ਰਾਪਤ ਨਹੀਂ ਕੀਤੀ। ਇਸ ਸਬੰਧੀ ਕਾਨੂੰਨੀ ਕਾਰਵਾਈ ਕਰਕੇ ਕੇਸ ਦਰਜ ਕਰਵਾਇਆ ਜਾਵੇਗਾ। ਡੀਐੱਸਪੀ ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ ਨੇ ਕਿਹਾ ਕਿ ਪੰਚਾਇਤ ਵੱਲੋ ਸਰਕਾਰੀ ਸਕੂਲ ਦੀ ਗਰਾਊਂਡ ਵਿੱਚੋਂ ਮਿੱਟੀ ਪੁਟਾਈ ਹੈ। ਉਹ ਇਹ ਕੰਮ ਕਰ ਸਕਦੇ ਹਨ ਜਿਸ ਵਕਤ ਉਨ੍ਹਾਂ ਨੂੰ ਪੁੱਛਿਆ ਕਿ ਬਿਨਾਂ ਮਨਜ਼ੂਰੀ ਸਕੂਲ ਦੀ ਗਰਾਊਂਡ ਖ਼ਰਾਬ ਕਰਨ ਸਬੰਧੀ ਕੋਈ ਪੰਚਾਇਤ ਨੂੰ ਅਧਿਕਾਰ ਹੈ ਤਾਂ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਇਸ ਸਬੰਧੀ ਐੱਸਐੱਸਪੀ ਸਵਪਨ ਸ਼ਰਮਾ ਨੇ ਕਿਹਾ ਕੇ ਮਾਈਨਿੰਗ ਵਿਭਾਗ ਵੱਲੋਂ ਸ਼ਿਕਾਇਤ ਮਿਲਣ ਤੇ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪਤਾ ਲੱਗਿਆ ਹੈ ਪੁਲੀਸ ਦੇ ਇੱਕ ਅਧਿਕਾਰੀ ਵੱਲੋ ਜੇਸੀਬੀ ਅਤੇ ਟਰੈਕਟਰ ਟਰਾਲੀ ਨੂੰ ਛੱਡ ਦਿੱਤਾ ਹੈ ਜਿਸ ਸਬੰਧੀ ਲੋਕਾਂ ਵਿਚ ਭਾਰੀ ਰੋਸ ਹੈ। ਜਿਸ ਸਬੰਧੀ ਮੁੱਖ ਮੰਤਰੀ ਦੇ ਪੋਰਟਲ ’ਤੇ ਅਧਿਕਾਰੀ ਅਤੇ ਪੰਚਾਇਤ ਵਿਰੁੱਧ ਸ਼ਿਕਾਇਤ ਪਾ ਦਿੱਤੀ ਗਈ ਹੈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ