ਦਲ ਖਾਲਸਾ ਵੱਲੋਂ ਜਥੇਬੰਦੀ ਦੇ ਸੰਸਥਾਪਕ ਅਤੇ ਜਲਾਵਤਨ ਆਗੂ ਭਾਈ ਗਜਿੰਦਰ ਸਿੰਘ ਦੀ ਦੂਜੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸਥਾਨਕ ਰਣਜੀਤ ਐਵਨਿਊ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਸਮਾਗਮ ਵਿੱਚ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਈ ਗਜਿੰਦਰ ਸਿੰਘ ਨਮਿਤ ਅਰਦਾਸ ਕੀਤੀ ਅਤੇ ਬੋਲਦਿਆਂ ਉਨ੍ਹਾਂ ਦੀ ਪੰਥਕ ਘਾਲਣਾ, ਦ੍ਹਿੜਤਾ, ਸੋਚ, ਸਬਰ ਅਤੇ ਕੌਮ ਪ੍ਰਸਤੀ ਦੀ ਸ਼ਲਾਘਾ ਕੀਤੀ। ਜਥੇਦਾਰ ਨੇ ਕਿਹਾ ਕਿ ਅੱਜ ਦੇ ਨੌਜਵਾਨਾ ਵਿੱਚ ਵੀ ਅਜਿਹੀ ਸੋਚ ਅਤੇ ਭਾਵਨਾ ਦੀ ਲੋੜ ਹੈ। ਇਸ ਮੌਕੇ ਜਥੇਦਾਰ ਨੇ ਭਾਈ ਗਜਿੰਦਰ ਸਿੰਘ ਦੇ ਭਰਾ ਦਰਸ਼ਨ ਸਿੰਘ ਅਤੇ ਭਰਜਾਈ ਤਜਿੰਦਰ ਕੌਰ ਅਤੇ ਹੋਰ ਮੈਂਬਰਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਦੱਸਣਯੋਗ ਹੈ ਕਿ ਭਾਈ ਗਜਿੰਦਰ ਸਿੰਘ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਸਤੰਬਰ 1981 ਵਿੱਚ ਚਾਰ ਸਾਥੀਆਂ ਨਾਲ ਮਿਲ ਕੇ ਭਾਰਤੀ ਜਹਾਜ਼ ਅਗਵਾ ਕੀਤਾ ਸੀ। ਪਾਕਿਸਤਾਨ ਦੀ ਅਦਾਲਤ ਵੱਲੋਂ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਰਿਹਾਈ ਤੋਂ ਬਾਅਦ ਗਜਿੰਦਰ ਸਿੰਘ ਪਾਕਿਸਤਾਨ ਵਿੱਚ ਹੀ ਰਹਿਣ ਲੱਗ ਪਏ ਸਨ, ਜਿੱਥੇ ਉਨ੍ਹਾਂ ਦਾ ਦੇਹਾਂਤ 3 ਜੁਲਾਈ 2024 ਨੂੰ ਲਾਹੌਰ ਦੇ ਹਸਪਤਾਲ ਵਿੱਚ ਹੋਇਆ ਸੀ।
ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਦੱਸਿਆ ਕਿ ਸਤੰਬਰ 2020 ਵਿੱਚ, ਭਾਈ ਗਜਿੰਦਰ ਸਿੰਘ ਨੂੰ ਅਕਾਲ ਤਖਤ ਵੱਲੋਂ ਜਲਾਵਤਨ ਸਿੱਖ ਯੋਧੇ ਦੀ ਉਪਾਧੀ ਦਿੱਤੀ ਗਈ ਸੀ। ਜੁਲਾਈ 2024 ਵਿੱਚ ਕਮੇਟੀ ਨੂੰ ਸਿੱਖ ਕੇਂਦਰੀ ਅਜਾਇਬ ਘਰ ਵਿੱਚ ਉਨ੍ਹਾਂ ਦੀ ਤਸਵੀਰ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਸਨ, ਜੋ ਹਾਲੇ ਤੱਕ ਪੂਰੇ ਨਹੀਂ ਹੋਏ।
ਇਸ ਮੌਕੇ ਪੰਥਕ ਜਥੇਬੰਦੀਆਂ ਦੇ ਆਗੂਆਂ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਕੁਲਬੀਰ ਸਿੰਘ ਬੜਾਪਿੰਡ, ਭਾਈ ਮਨਜੀਤ ਸਿੰਘ, ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ, ਪ੍ਰਿੰਸੀਪਲ ਇੰਦਰਜੀਤ ਸਿੰਘ ਗੋਗੋਆਣੀ, ਹਰਚਰਨਜੀਤ ਸਿੰਘ ਧਾਮੀ, ਸਰਬਜੀਤ ਸਿੰਘ ਘੁਮਾਣ, ਯਸ਼ਪ੍ਰੀਤ ਕੌਰ, ਪ੍ਰੋਫੈਸਰ ਜਗਮੋਹਨ ਸਿੰਘ, ਭਾਈ ਨਰਾਇਣ ਸਿੰਘ, ਹਰਪਾਲ ਸਿੰਘ ਬਲੇਰ ਆਦਿ ਹਾਜ਼ਰ ਸਨ।
ਪੰਥਕ ਮੁੱਦਿਆਂ ’ਤੇ ਚਰਚਾ
ਸਮਾਗਮ ਦੌਰਾਨ ਪੰਥਕ ਮੁੱਦਿਆਂ ’ਤੇ ਮੀਟਿੰਗ ਵੀ ਕੀਤੀ ਗਈ। ਇਸ ਵਿੱਚ ਪੰਜ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾਮੁਕਤੀ ਅਤੇ ਅਧਿਕਾਰਾਂ ਲਈ ਇੱਕ ਵਿਧੀ ਵਿਧਾਨ ਤਿਆਰ ਕਰਨ, ਵਿਧਾਇਕਾਂ ਨੂੰ ਤਲਬ ਕਰਨ ਦੇ ਜਥੇਦਾਰ ਦੇ ਅਧਿਕਾਰ ਨੂੰ ਚੁਣੌਤੀ ਦੇਣ, ਸਤਿਕਾਰ ਸੋਧ ਕਾਨੂੰਨ ਵਾਪਸ ਲੈਣ ਦੀ ਮੰਗ ਤੇ ਚਰਚਾ ਹੋਈ। ਮੀਟਿੰਗ ਵਿੱਚ ਹਾਜ਼ਰ ਨੁਮਾਇੰਦਿਆਂ ਦਾ ਸਪੱਸ਼ਟ ਸਟੈਂਡ ਸੀ ਕਿ ਸਰਕਾਰ ਦੀ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਅਤੇ ਛੇੜਛਾੜ ਬੰਦ ਕਰਨ ਲਈ ਜ਼ਰੂਰੀ ਹੈ ਕਿ ਸਤਿਕਾਰ ਸੋਧ ਕਾਨੂੰਨ ਵਾਪਸ ਲਿਆ ਜਾਵੇ।
