
ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਹਾਜ਼ਰ ਅਧਿਕਾਰੀ।
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 8 ਦਸੰਬਰ
ਮੇਅਰ ਕਰਮਜੀਤ ਸਿੰਘ ਰਿੰਟੂ ਦੀ ਪ੍ਰਧਾਨਗੀ ਹੇਠ ਅੱਜ ਇਥੇ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਮੇਅਰ ਤੋਂ ਇਲਾਵਾ ਕਮਿਸ਼ਨਰ ਸੰਦੀਪ ਰਿਸ਼ੀ, ਸੀਨੀਅਰ ਡਿਪਟੀ ਮੇਅਰ ਰਮਨ ਬਖ਼ਸ਼ੀ, ਡਿਪਟੀ ਮੇਅਰ ਯੂਨਸ ਕੁਮਾਰ, ਕੌਂਸਲਰ ਵਿਕਾਸ ਸੋਨੀ ਅਤੇ ਕੌਂਸਲਰ ਗੁਰਜੀਤ ਕੌਰ ਆਦਿ ਹਾਜ਼ਰ ਸਨ।
ਮੀਟਿੰਗ ਦੌਰਾਨ ਅੰਮ੍ਰਿਤਸਰ ਵਿੱਚ ਵਿਕਾਸ ਕਾਰਜਾਂ ਨੂੰ ਕਰਵਾਉਣ ਲਈ ਲੋੜੀਂਦੀਆਂ ਪ੍ਰਵਾਨਗੀਆਂ ਦਿੱਤੀਆਂ ਗਈਆਂ ਅਤੇ ਕਮੇਟੀ ਮੈਂਬਰਾਂ ਨੇ ਸਰਬਸੰਮਤੀ ਨਾਲ ਕਰੋੜਾਂ ਰੁਪਏ ਦੇ ਕੰਮਾਂ ਲਈ ਮਨਜ਼ੂਰੀ ਵੀ ਦਿੱਤੀ। ਇਨ੍ਹਾਂ ਵਿਕਾਸ ਕਾਰਜਾਂ ਵਿੱਚ ਪ੍ਰਮੁੱਖ ਤੌਰ ’ਤੇ ਸਿਵਲ ਅਤੇ ਓਐਂਡਐਮ, ਸਿਹਤ ਵਿਭਾਗ ਨਾਲ ਸਬੰਧਤ ਕਾਰਜ ਆਦਿ ਸ਼ਾਮਲ ਹਨ। ਮੀਟਿੰਗ ਵਿੱਚ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀਆਂ ਸੜਕਾਂ ਅਤੇ ਗਲੀਆਂ ਦੀ ਬਣਤਰ, ਗਲੀਆਂ ਵਿੱਚ ਇੰਟਰਲਾਕਿੰਗ ਟਾਈਲਾਂ ਲਗਾਉਣ, ਪੁਰਾਣੀ ਸੀਵਰੇਜ ਲਾਈਨਾਂ ਅਤੇ ਵਾਟਰ ਸਪਲਾਈ ਲਾਈਨਾਂ ਨੂੰ ਬਦਲਣ, ਪਾਰਕਾਂ ਦੇ ਵਿਕਾਸ ਕਾਰਜ, ਸੜਕਾਂ ਦੀ ਸਫ਼ਾਈ ਲਈ ਰੋਡ ਸਵੀਪਿੰਗ ਮਸ਼ੀਨ ਲਗਾਉਣਾ, ਸੀਵਰੇਜ ਲਾਈਨਾਂ ਦੀ ਸਫ਼ਾਈ ਲਈ ਸੁਪਰ ਸੱਕਰ ਮਸ਼ੀਨਾਂ ਲਗਾਉਣ, ਵਾਟਰ ਸਪਲਾਈ ਲਈ ਟਿਊਬਵੈੱਲ, ਮੈਨਹੋਲ ਚੈਂਬਰਾਂ ਦਾ ਨਿਰਮਾਣ, ਮਿਨੀ ਹਾਈਮਾਸਟ ਲਾਈਟਾਂ ਲਗਾਉਣ ਤੇ ਗੁਰੂ ਕੀ ਵਡਾਲੀ ਸ਼ਮਸ਼ਾਨਘਾਟ ਵਿਚ ਟਾਇਲਟ ਸੈਟਾਂ ਦੇ ਨਿਰਮਾਣ ਕਾਰਜ ਆਦਿ ਸ਼ਾਮਲ ਹਨ।
ਇਨ੍ਹਾਂ ਸਹੂਲਤਾਂ ਦੇ ਮਿਲਣ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੁਲਾਰਾ ਮਿਲੇਗਾ ਤੇ ਅੰਮ੍ਰਿਤਸਰ ਵਾਸੀਆਂ ਦਾ ਜੀਵਨ ਪੱਧਰ ਵੀ ਉੱਚਾ ਚੁੱਕਿਆ ਜਾਵੇਗਾ।
ਮੀਟਿੰਗ ਵਿੱਚ ਨਿਗਰਾਨ ਇੰਜਨੀਅਰ ਦਪਿੰਦਰ ਸੰਧੂ, ਸੰਦੀਪ ਸਿੰਘ, ਸਤਿੰਦਰ ਕੁਮਾਰ, ਕਾਰਜਕਾਰੀ ਇੰਜਨੀਅਰ ਭਲਿੰਦਰ ਸਿੰਘ, ਮਨਜੀਤ ਸਿੰਘ, ਐੱਸਐੱਸ ਮਲ੍ਹੀ, ਰਜਿੰਦਰ ਸਿੰਘ ਮਰੜੀ, ਡੀਸੀਐਫਏ ਮਨੂੰ ਸ਼ਰਮਾ, ਸਕੱਤਰ ਦਲਜੀਤ ਸਿੰਘ ਤੋਂ ਇਲਾਵਾ ਕਈ ਹੋਰ ਅਧਿਕਾਰੀ ਹਾਜ਼ਰ ਸਨ।
ਮਿਆਰੀ ਸਿਹਤ ਸਹੂਲਤਾਂ ਯਕੀਨੀ ਬਣਾਉਣ ਦੀ ਹਦਾਇਤ
ਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ ਦੇ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਦਫ਼ਤਰ ਵਿੱਚ ਸਿਹਤ ਵਿਭਾਗ ਦੇ ਕੰਮਾਂ ਦੀ ਸਮੀਖਿਆ ਲਈ ਮੀਟਿੰਗ ਕੀਤੀ ਗਈ ਜਿਸ ਵਿਚ ਸਮੂਹ ਬਲਾਕ ਐਕਸਟੈਂਸ਼ਨ ਐਜੂਕੇਟਰ ਸ਼ਾਮਲ ਹੋਏ। ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਜਸਪ੍ਰੀਤ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ। ਇਸ ਲਈ ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਨੂੰ ਕਿਹਾ ਕਿ ਜ਼ਿਲ੍ਹੇ ਭਰ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਮਿਆਰੀ ਅਤੇ ਉੱਚ ਪੱਧਰੀ ਸਿਹਤ ਸਹੂਲਤਾਂ ਦੇਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਹਦਾਇਤ ਦਿੱਤੀ ਕਿ ਆਈਈਸੀ/ਬੀਸੀਸੀ ਗਤੀਵਿਧੀਆਂ ਤੇਜ਼ ਕੀਤੀਆਂ ਜਾਣ ਤਾਂ ਜੋ ਲੋਕਾਂ ਨੂੰ ਜ਼ਰੂਰੀ ਸਿਹਤ ਸਹੂਲਤਾਂ ਜਿਵੇਂ ਜੱਚਾ-ਬੱਚਾ ਸਿਹਤ ਸੰਭਾਲ, ਜਣੇਪਾ ਸਹੂਲਤਾਂ, ਜਨਣੀ ਸਿਸ਼ੂ ਸੁਰੱਖਿਆ, ਪਰਿਵਾਰ ਨਿਯੋਜਨ, ਟੀਕਾਕਰਨ, ਮਲੇਰੀਆ/ਡੇਂਗੂ ਤੋਂ ਬਚਾਅ, ਟੀਬੀ ਦਾ ਮੁਫਤ ਇਲਾਜ, ਕੋਹੜ ਰੋਗ ਸਬੰਧੀ ਇਲਾਜ ਦੀਆਂ ਸਹੂਲਤਾਂ, ਸ਼ਹਿਰ ਭਰ ਵਿੱਚ ਸਾਫ਼-ਸੁਥਰੇ ਅਤੇ ਮਿਆਰੀ ਖਾਧ ਪਦਾਰਥਾਂ ਦੀ ਵਿਕਰੀ, ਕੋਟਪਾ ਐਕਟ ਦੀ ਸਖਤੀ ਨਾਲ ਪਾਲਣਾ, ਨੈਸ਼ਨਲ ਬਲਾਈਂਡਨੈਸ ਕੰਟਰੋਲ ਪ੍ਰੋਗਰਾਮ, ਦੰਦਾਂ ਦੀ ਦੇਖਭਾਲ ਲਈ ਓਰਲ ਹੈਲਥ ਵਿਵਸਥ ਆਦਿ ਕੀਤੀ ਜਾ ਸਕੇ। ਇਸ ਮੌਕੇ ਮਾਸਮੀਡੀਆ ਅਫਸਰ ਰਾਜ ਕੌਰ, ਡਿਪਟੀ ਐੱਮਈਆਈਓ ਅਮਰਦੀਪ ਸਿੰਘ, ਸੁਪਰਡੈਂਟ ਸੰਜੀਵ ਸ਼ਰਮਾ, ਰਾਜਬੀਰ ਕੌਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ