ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਨਵੰਬਰ
ਅੱਜ ਜ਼ਿਲ੍ਹੇ ਵਿਚ ਤਿੰਨ ਜਣਿਆਂ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਅੱਜ 68 ਹੋਰ ਨਵੇਂ ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਸਿਹਤ ਵਿਭਾਗ ਵੱਲੋਂ ਪ੍ਰਾਪਤ ਜਾਣਕਾਰੀ ਮੁਤਾਬਕ ਹੁਣ ਤਕ ਜ਼ਿਲ੍ਹੇ ਵਿਚ 491 ਮਰੀਜ਼ਾਂ ਦੀ ਕਰੋਨਾ ਕਾਰਨ ਮੌਤ ਹੋ ਚੁੱਕੀ ਹੈ। ਅੱਜ ਨਵੇਂ ਆਏ 68 ਕਰੋਨਾ ਪਾਜ਼ੇਟਿਵ ਕੇਸਾਂ ਨਾਲ ਜ਼ਿਲ੍ਹੇ ਵਿਚ ਕਰੋਨਾ ਪੀੜਤਾਂ ਦੀ ਕੁਲ ਗਿਣਤੀ ਵਧ ਕੇ 12,963 ਹੋ ਗਈ ਹੈ। ਇਸ ਵਿਚੋਂ 11,798 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਅੱਜ 48 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਗਏ ਹਨ। ਇਸ ਵੇਲੇ 674 ਮਰੀਜ਼ ਜ਼ੇਰੇ ਇਲਾਜ ਹਨ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਅੱਜ ਹੁਸ਼ਿਆਰਪੁਰ ’ਚ 14 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਅਤੇ ਦੋ ਮਰੀਜ਼ਾਂ ਦੀ ਮੌਤ ਹੋ ਗਈ। ਅੱਜ ਆਏ ਪਾਜ਼ੇਟਿਵ ਮਰੀਜ਼ਾਂ ਵਿਚੋਂ 5 ਹੁਸ਼ਿਆਰਪੁਰ ਸ਼ਹਿਰੀ ਖੇਤਰ ਅਤੇ ਬਾਕੀ ਪੇਂਡੂ ਖੇਤਰਾਂ ਨਾਲ ਸਬੰਧਤ ਹਨ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿਚ 250 ਮੌਤਾਂ ਹੋ ਚੁੱਕੀਆਂ ਹਨ, 168 ਕੇਸ ਐਕਟਿਵ ਹਨ ਜਦੋਂਕਿ 6478 ਮਰੀਜ਼ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿਚ ਅੱਜ ਕਰੋਨਾ ਨਾਲ ਚਾਰ ਮੌਤਾਂ ਹੋ ਗਈਆਂ ਜਦੋਂਕਿ 157 ਜਣਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਹੁਣ ਤੱਕ 548 ਮੌਤਾਂ ਹੋ ਚੁੱਕੀਆਂ ਹਨ ਅਤੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 17,628 ਤੱਕ ਜਾ ਪਹੁੰਚੀ ਹੈ।
ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨੇ
ਜਲੰਧਰ: ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਵੱਲੋਂ ਕੋਵਿਡ-19 ਦੇ ਵਧ ਰਹੇ ਕੇਸਾਂ ਨੂੰ ਧਿਆਨ ਵਿਚ ਰੱਖਦਿਆਂ ਮੁੜ ਤੋਂ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨੇ ਗਏ ਹਨ। ਇਨ੍ਹਾਂ ਵਿਚੋਂ ਸ਼ਹਿਰੀ ਇਲਾਕਿਆਂ ’ਚ ਬਣਾਏ ਗਏ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਵਿਚ ਮਾਸਟਰ ਮਹਿੰਦਰ ਸਿੰਘ ਕਲੋਨੀ ਸ਼ਾਮਲ ਹੈ। ਇਸ ਖੇਤਰ ਵਿਚ ਨਜ਼ਰਸਾਨੀ ਕਰਨ ਲਈ ਡਾ. ਰਜਿੰਦਰ ਸਿੰਘ, ਜਲੰਧਰ ਛਾਉਣੀ ਦੇ ਐੱਸਐੱਚਓ ਅੰਮ੍ਰਿਤਪਾਲ ਸਿੰਘ ਅਤੇ ਸਿਵਲ ਅਧਿਕਾਰੀ ਬਲਵੀਰ ਸਿੰਘ ਦੀ ਡਿਊਟੀ ਲਾਈ ਗਈ ਹੈ। ਇਸ ਇਲਾਕੇ ਵਿਚ 11 ਐਕਟਿਵ ਪਾਜ਼ੇਟਿਵ ਕੇਸ ਹਨ। ਇਸ ਤੋਂ ਇਲਾਵਾ ਮੋਤੀ ਬਾਗ਼ ਅਤੇ ਦੁਰਗਾ ਕਲੋਨੀ ਨੂੰ ਵੀ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਪੇਂਡੂ ਇਲਾਕਿਆਂ ਵਿਚ ਪਿੰਡ ਕੰਗਣੀਵਾਲ ਨੂੰ ਇਸ ਜ਼ੋਨ ਵਿਚ ਲਿਆਂਦਾ ਗਿਆ ਹੈ। ਸਿਹਤ ਵਿਭਾਗ ਨੇ ਇਹ ਇਲਾਕੇ ਸੀਲ ਕਰ ਦਿੱਤੇ ਹਨ।
ਪਠਾਨਕੋਟ (ਪੱਤਰ ਪ੍ਰੇਰਕ): ਅੱਜ 47 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆ ਜਾਣ ਬਾਅਦ ਸਿਹਤ ਵਿਭਾਗ ਨੇ ਸਥਾਨਕ ਮੁਹੱਲਾ ਨਿਊ ਸ਼ਾਸਤਰੀ ਨਗਰ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਦੇ ਚਲਦੇ ਇੱਕ ਹਫ਼ਤੇ ਦੇ ਅੰਦਰ ਹੀ ਮੀਰਪੁਰ ਕਲੌਨੀ ਦੇ ਬਾਅਦ ਨਿਊ ਸ਼ਾਸਤਰੀ ਨਗਰ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਜ਼ਿਆਦਾਤਰ ਕੇਸ ਸ਼ਾਸਤਰੀ ਨਗਰ ਵਿੱਚ ਇੱਕ ਹੀ ਪਰਿਵਾਰ ਨਾਲ ਸਬੰਧਿਤ ਹਨ। ਕੰਟੇਨਮੈਂਟ ਜ਼ੋਨ ਬਣਨ ਦੇ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਖੇਤਰ ਵਿੱਚ ਰਹਿਣ ਵਾਲੇ 10 ਘਰਾਂ ਦੇ ਲਗਭਗ 48 ਲੋਕਾਂ ਦਾ ਸਿਹਤ ਸਬੰਧੀ ਸਰਵੇ ਕਰਦੇ ਹੋਏ ਕੋਵਿਡ-19 ਤਹਿਤ ਬਣਾਏ ਨਿਯਮਾਂ ਦੀ ਪਾਲਣਾ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ।