ਮਿੱਡ-ਡੇਅ ਮੀਲ ਦੀ ਕਣਕ ਚੱਕੀ ’ਤੇ ਲਿਆਉਣ ਕਾਰਨ ਵਿਵਾਦ
ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਧਿਰ ਨੇ ਜੰਡਿਆਲਾ ਗੁਰੂ ਬਲਾਕ ਦੇ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਮਿੱਡ-ਡੇਅ ਮੀਲ ਦੇ ਇੰਚਾਰਜ ਖ਼ਿਲਾਫ਼ ਸਥਾਨਕ ਇੱਕ ਚੱਕੀ ’ਤੇ ਭੇਜੀ ਗਈ ਕਣਕ ਨੂੰ ਕਥਿਤ ਤੌਰ ’ਤੇ ਵੇਚਣ ਲਈ ਲਿਆਉਣ ਦੇ ਦੋਸ਼ ਲਾਏ ਹਨ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਵਿਦਿਆਰਥੀਆਂ ਦੇ ਮਿੱਡ-ਡੇਅ ਮੀਲ ਦੀ ਕਣਕ ਪਿਸਾਉਣ ਲਈ ਜਾਂ ਵੇਚਣ ਲਈ ਲਿਆਂਦੀ ਗਈ ਹੈ।
ਜੰਡਿਆਲਾ ਗੁਰੂ ਦੇ ਐੱਸ ਐੱਚ ਓ ਇੰਸਪੈਕਟਰ ਮੁਖਤਿਆਰ ਸਿੰਘ ਨੇ ਕਿਹਾ ਆਮ ਤੌਰ ’ਤੇ ਕਈ ਸਕੂਲ ਕਣਕ ਸੰਭਾਲਣ ਦੀ ਥਾਂ ਜਾਂ ਕਣਕ ਦੇ ਖਰਾਬ ਹੋਣ ਦੇ ਡਰੋਂ ਜਾਂ ਕਣਕ ਦੇ ਚੋਰੀ ਹੋਣ ਦੇ ਡਰੋਂ ਕਣਕ ਦਾ ਤੋਲ ਕਰਕੇ ਚੱਕੀਆਂ ’ਤੇ ਰੱਖ ਦਿੰਦੇ ਹਨ ਅਤੇ ਉੱਥੋਂ ਲੋੜ ਮੁਤਾਬਿਕ ਆਟਾ ਲੈ ਲਿਆ ਜਾਂਦਾ ਹੈ ਕਿਉਂਕਿ ਕਣਕ ਪਿਸਾਉਣ ਤੋਂ ਬਾਅਦ ਹੀ ਬੱਚਿਆਂ ਲਈ ਭੋਜਨ ਤਿਆਰ ਹੋ ਸਕਦਾ ਹੈ। ਐੱਸ ਐੱਚ ਓ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਣਕ ਆਟਾ ਬਣਾਉਣ ਲਈ ਲਿਆਂਦੀ ਗਈ ਜਾਂ ਵੇਚਣ ਲਈ ਲਿਆਂਦੀ ਗਈ ਹੈ ਅਤੇ ਜੇ ਇਸ ਵਿੱਚ ਕੋਈ ਊਣਤਾਈ ਪਾਈ ਗਈ ਤਾਂ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
