ਕਾਂਗਰਸ ਪਾਰਟੀ ਨੇ ਉਮੀਦਵਾਰ ਐਲਾਨੇ
ਕਾਂਗਰਸ ਪਾਰਟੀ ਨੇ ਜ਼ਿਲ੍ਹੇ ਵਿੱਚ ਸਭ ਤੋਂ ਪਹਿਲਾਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ, ਆਮ ਆਦਮੀ ਪਾਰਟੀ ਅਤੇ ਭਾਜਪਾ ਅਜੇ ਵੀ ਇਨ੍ਹਾਂ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਨੂੰ ਫਾਈਨਲ ਰੂਪ ਦੇਣ...
ਕਾਂਗਰਸ ਪਾਰਟੀ ਨੇ ਜ਼ਿਲ੍ਹੇ ਵਿੱਚ ਸਭ ਤੋਂ ਪਹਿਲਾਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ, ਆਮ ਆਦਮੀ ਪਾਰਟੀ ਅਤੇ ਭਾਜਪਾ ਅਜੇ ਵੀ ਇਨ੍ਹਾਂ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਨੂੰ ਫਾਈਨਲ ਰੂਪ ਦੇਣ ਲਈ ਮੱਥਾਪੋਚੀ ਕਰ ਰਹੇ ਹਨ। ਜਦ ਕਿ ਨਾਮਜ਼ਦਗੀਆਂ ਭਰਨ ਲਈ ਦੋ ਦਿਨ ਬਾਕੀ ਹਨ। ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਪਠਾਨਕੋਟ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਭੋਆ ਦੇ ਸੁੰਦਰਚੱਕ ਵਿਖੇ ਕਾਂਗਰਸ ਪਾਰਟੀ ਦਫ਼ਤਰ ਵਿੱਚ ਅੱਜ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਲਈ ਉਮੀਦਵਾਰਾਂ ਨੂੰ ਟਿਕਟਾਂ ਵੰਡੀਆਂ। ਪਾਰਟੀ ਵਰਕਰ ਵੀ ਸਰਗਰਮ ਹੋ ਗਏ ਹਨ ਅਤੇ ਆਪਣੇ ਉਮੀਦਵਾਰਾਂ ਲਈ ਸਮਰਥਨ ਵਾਲਾ ਮਾਹੌਲ ਬਣਾਉਣ ਲਈ ਡੱਟ ਗਏ ਹਨ। ਜਦ ਕਿ ਘੋਸ਼ਿਤ ਕੀਤੇ ਗਏ ਉਮੀਦਵਾਰ ਬੀਡੀਪੀਓ ਦਫਤਰ ਵਿੱਚ ਐਨਓਸੀ ਲੈਣ ਵਿੱਚ ਰੁੱਝ ਗਏ ਹਨ।
ਇਹ ਵੀ ਸਾਹਮਣੇ ਆਇਆ ਹੈ ਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਅੰਦਰ ਅੰਦਰੂਨੀ ਚੁੱਪ ਹੈ। ਨਵੇਂ ਚਿਹਰਿਆਂ ਦੇ ਨਾਲ-ਨਾਲ ਕਈ ਪੁਰਾਣੇ ਚਿਹਰੇ ਆਪਣਾ ਦਾਅਵਾ ਪੇਸ਼ ਕਰ ਰਹੇ ਹਨ। ਕੁਝ ਬਲਾਕਾਂ ਵਿੱਚ, ਦੋ ਤੋਂ ਤਿੰਨ-ਤਿੰਨ ਉਮੀਦਵਾਰ ਟਿਕਟ ਪ੍ਰਾਪਤੀ ਦੀ ਦੌੜ ਵਿੱਚ ਸ਼ਾਮਲ ਹਨ ਅਤੇ ਹਰੇਕ ਟਿਕਟ ਲੈਣ ਲਈ ਹਾਈਕਮਾਂਡ ਤੱਕ ਪਹੁੰਚ ਕਰ ਰਿਹਾ ਹੈ। ਇਸ ਕਰਕੇ ਟਿਕਟਾਂ ਲਈ ਅੰਦਰੂਨੀ ਖਿੱਚੋਤਾਣ ਜਾਰੀ ਹੈ। ਪਾਰਟੀ ਉਨ੍ਹਾਂ ਉਮੀਦਵਾਰਾਂ ਨੂੰ ਤਰਜੀਹ ਦੇਣਾ ਚਾਹੁੰਦੀ ਹੈ ਜਿਨ੍ਹਾਂ ਦੇ ਪਿੰਡਾਂ ਵਿੱਚ ਇੱਕ ਮਜ਼ਬੂਤ ਜਨ ਆਧਾਰ ਹੈ। ‘ਆਪ’ ਪਾਰਟੀ ਜ਼ਿਲ੍ਹੇ ਵਿੱਚ ਆਪਣੀ ਜਿੱਤ ਦਾ ਦਾਅਵਾ ਮਜ਼ਬੂਤ ਕਰਨ ਲਈ ਸੰਭਾਵੀ ਉਮੀਦਵਾਰਾਂ ਦੀ ਭਾਲ ਕਰ ਰਹੀ ਹੈ। ਜਦ ਕਿ ਕਈਆਂ ਨੇ ਕੁੱਝ ਪਿੰਡਾਂ ਵਿੱਚ, ਆਜ਼ਾਦ ਉਮੀਦਵਾਰਾਂ ਵੱਜੋਂ ਚੋਣ ਲੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਹਲਕੇ ਦੀਆਂ ਪੰਜ ਜ਼ਿਲ੍ਹਾ ਪਰਿਸ਼ਦਾਂ ਅਤੇ 48 ਬਲਾਕ ਸੰਮਤੀ ਸੀਟਾਂ ’ਤੇ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਭਾਰੀ ਜਿੱਤ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਲੋਕਾਂ ਨੂੰ ਵਰਗਲਾ ਕੇ ਅਤੇ ਵਾਅਦੇ ਪੂਰੇ ਕਰਨ ਨੂੰ ਲੈ ਕੇ ਸੱਤਾ ਵਿੱਚ ਆਈ ਸੀ ਪਰ ਇਹ ਲੋਕਾਂ ਦੀਆਂ ਆਸਾਂ ’ਤੇ ਖਰੀ ਨਹੀਂ ਉਤਰੀ ਜਿਸ ਕਰਕੇ ਲੋਕ ਹੁਣ ਜ਼ਿਲ੍ਹਾ ਪਰਿਸ਼ਦ ਅਤੇ ਵਿਧਾਨ ਸਭਾ ਦੋਵਾਂ ਚੋਣਾਂ ਵਿੱਚ ‘ਆਪ’ ਨੂੰ ਹਰਾ ਕੇ ਬਦਲਾ ਲੈਣਗੇ।

