Congress MLA ਨੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ
ਬੰਗਾ ਰੋਡ ਦੇ ਨਾਲੇ ਤੇ ਸੀਵਰੇਜ ਦੀ ਸਮੱਸਿਆ ਕਾਰਨ ਮੀਂਹ ਪੈਣ ’ਤੇ ਬਣ ਜਾਂਦੀ ਹੈ ਹੜ੍ਹ ਵਰਗੀ ਸਥਿਤੀ
ਇਥੋਂ ਦੇ ਬੰਗਾ ਚੌਕ ਨੇੜੇ ਸਥਿਤ ਚੱਢਾ ਮਾਰਕੀਟ ਦੇ ਦੁਕਾਨਦਾਰਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਆਪਣੇ ਸਾਥੀਆਂ ਸਣੇ ਚੱਢਾ ਮਾਰਕੀਟ ਦਾ ਦੌਰਾ ਕਰ ਕੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਦੁਕਾਨਦਾਰਾਂ ਦੇ ਆਗੂ ਸੰਜੂ ਚਾਹਲ ਸਣੇ ਹੋਰਨਾਂ ਨੇ ਦੱਸਿਆ ਕਿ ਬੰਗਾ ਰੋਡ ਨਾਲ ਲੱਗਦਾ ਨਾਲਾ ਲੰਬੇ ਸਮੇਂ ਤੋਂ ਬੰਦ ਪਿਆ ਹੈ। ਚੱਢਾ ਮਾਰਕੀਟ ਦਾ ਬਰਸਾਤੀ ਪਾਣੀ ਇਸ ਨਾਲੇ ’ਚ ਜਾਂਦਾ ਹੈ, ਪਰ ਨਾਲਾ ਬੰਦ ਹੋਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ। ਇਸ ਤੋਂ ਇਲਾਵਾ ਮਾਰਕੀਟ ਦਾ ਸੀਵਰੇਜ ਸਿਸਟਮ ਵੀ ਜਾਮ ਹੋਣ ਕਾਰਨ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਚੱਢਾ ਮਾਰਕੀਟ ਬੱਸ ਅੱਡੇ ਦੇ ਬਿਲਕੁਲ ਨੇੜੇ ਸਥਿਤ ਹੈ ਤੇ ਮਾਰਕੀਟ ’ਚ ਆਉਣ-ਜਾਣ ਲਈ ਇਹ ਮੁੱਖ ਰਸਤਾ ਹੈ।
ਮੀਂਹ ਦੌਰਾਨ ਸੜਕ ’ਤੇ ਪਾਣੀ ਖੜ੍ਹਾ ਹੋਣ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੁੰਦਾ ਹੈ ਤੇ ਰਾਹਗੀਰਾਂ ਨੂੰ ਵੀ ਪਾਣੀ ’ਚੋਂ ਲੰਘਣਾ ਪੈਂਦਾ ਹੈ। ਸਕੂਲੀ ਬੱਚਿਆਂ ਲਈ ਵੀ ਇਹ ਸਮੱਸਿਆ ਖਾਸ ਤੌਰ ’ਤੇ ਪ੍ਰੇਸ਼ਾਨੀ ਦਾ ਕਾਰਨ ਬਣਦੀ ਹੈ। ਇਸ ਮੌਕੇ ਧਾਲੀਵਾਲ ਕਿਹਾ ਕਿ ਬਰਸਾਤੀ ਪਾਣੀ ਤੇ ਸੀਵਰੇਜ ਦੀ ਨਿਕਾਸੀ ਨਾਲ ਜੁੜੀ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਤੇ ਨਗਰ ਨਿਗਮ ਕਮਿਸ਼ਨਰ ਨਾਲ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਲੋੜੀਂਦੀ ਕਾਰਵਾਈ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਨਰੇਸ਼ ਭਾਰਦਵਾਜ, ਗੁਰਜੀਤਪਾਲ ਵਾਲੀਆ, ਕੌਂਸਲਰ ਸੰਜੀਵ ਬੁੱਗਾ, ਤਜਿੰਦਰ ਬਾਵਾ ਹਾਜ਼ਰ ਸਨ।

