ਕਾਂਗਰਸੀ ਆਗੂ Sukhjinder Randhawa ਦਾ ਪੁਤਲਾ ਫੂਕਿਆ
ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਕੁਨਾਂ ਵੱਲੋਂ ਨਾਅਰੇਬਾਜ਼ੀ; ਅੰਮ੍ਰਿਤਪਾਲ ਖ਼ਿਲਾਫ਼ ਗਲਤ ਸ਼ਬਦਾਵਲੀ ਵਰਤਣ ਦਾ ਦੋਸ਼
ਸਾਬਕਾ ਕਾਂਗਰਸੀ ਮੰਤਰੀ ਅਤੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਖ਼ਾਲਸਾ ਖ਼ਿਲਾਫ਼ ਕੀਤੀ ਗਈ ਬਿਆਨਬਾਜ਼ੀ ਦੇ ਵਿਰੋਧ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਵੱਲੋਂ ਕਾਂਗਰਸੀ ਆਗੂ ਖ਼ਿਲਾਫ਼ ਰੋਸ ਵਿਖਾਵਾ ਕਰਦਿਆਂ ਕਚਹਿਰੀ ਚੌਕ ਵਿੱਚ ਪੁਤਲਾ ਸਾੜਿਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕਿਹਾ ਕਿ ਬੀਤੇ ਦਿਨ ਸਾਬਕਾ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਖ਼ਿਲਾਫ਼ ਦਿੱਤੇ ਗਏ ਬੇਬੁਨਿਆਦ, ਭੜਕਾਊ ਅਤੇ ਗੈਰ-ਜ਼ਿੰਮੇਵਾਰ ਬਿਆਨਾਂ ਦੇ ਵਿਰੋਧ ਵਿੱਚ ਅੱਜ ਸਾਰੇ ਪੰਜਾਬ ਵਿੱਚ ਤਿੱਖਾ ਪ੍ਰਦਰਸ਼ਨ ਕੀਤਾ ਗਿਆ। ਇਸੇ ਤਹਿਤ ਕਚਿਹਰੀ ਚੌਕ ਵਿੱਚ ਕਾਂਗਰਸੀ ਆਗੂ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਪਾਰਟੀ ਆਗੂਆਂ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਇਸ ਵੇਲੇ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਹਨ, ਅਜਿਹੇ ਹਾਲਾਤ ਵਿੱਚ ਉਨ੍ਹਾਂ ਨੂੰ ਕਿਸੇ ਵੀ ਘਟਨਾ ਨਾਲ ਜੋੜਨਾ ਸਿਰਫ਼ ਝੂਠੀ ਕਹਾਣੀ ਘੜਨ ਦੇ ਬਰਾਬਰ ਹੈ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਮੁੱਖ ਆਗੂਆਂ ਅਤੇ ਵਰਕਰਾਂ ਵਿੱਚ ਅਮਨਦੀਪ ਸਿੰਘ ਡੱਡੂਆਣਾ (ਪ੍ਰਧਾਨ ਅੰਮ੍ਰਿਤਸਰ ਸ਼ਹਿਰੀ), ਜਸਕਰਨ ਸਿੰਘ ਰਿਆੜ (ਪ੍ਰਧਾਨ ਅੰਮ੍ਰਿਤਸਰ ਦਿਹਾਤੀ ), ਸਰਬਜੀਤ ਸਿੰਘ ਖ਼ਾਨਪੁਰ , ਦਲਜੀਤ ਸਿੰਘ ਮਿਆਦੀਆਂ , ਪ੍ਰਗਟ ਸਿੰਘ ਮੀਆਂਵਿੰਡ , ਜਤਿੰਦਰ ਸਿੰਘ ਮਹਿਤਾ , ਭੁਪਿੰਦਰ ਸਿੰਘ ਗੱਦਲੀ , ਸ਼ਮਸ਼ੇਰ ਸਿੰਘ ਪੱਧਰੀ , ਬਾਬਾ ਬਿਬੇਕ ਸਿੰਘ, ਦਯਾ ਸਿੰਘ, ਨਾਥਵਿੰਦਰ ਸਿੰਘ ਮਜੀਠਾ, ਬਲਜਿੰਦਰ ਸਿੰਘ ਬਾਜਵਾ, ਰਸ਼ਪਾਲ ਸਿੰਘ ਛੇਹਰਟਾ, ਸੁਰਿੰਦਰਪਾਲ ਸਿੰਘ ਤਾਲਿਬਪੁਰਾ ਹਾਜ਼ਰ ਸਨ।

