ਕੰਪਿਊਟਰ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਤਰਨ ਤਾਰਨ ਜ਼ਿਲ੍ਹਾ ਇਕਾਈ ਵੱਲੋਂ ਕੰਪਿਊਟਰ ਅਧਿਆਪਕਾਂ ਤੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਬਣਾਏ ਜਾਣ ਵਾਲੇ ਹੈਲਥ ਕਾਰਡਾਂ ਦੀ ਡਾਟਾ ਐਂਟਰੀ ਕਰਵਾਉਣ ਲਈ ਉਨ੍ਹਾਂ ਦੀਆਂ ਡਿਊਟੀਆਂ ਲਗਾਏ ਜਾਣ ਖ਼ਿਲਾਫ਼ ਡੀ ਸੀ ਨੂੰ ਅੱਜ ਇਥੇ...
ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਤਰਨ ਤਾਰਨ ਜ਼ਿਲ੍ਹਾ ਇਕਾਈ ਵੱਲੋਂ ਕੰਪਿਊਟਰ ਅਧਿਆਪਕਾਂ ਤੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਬਣਾਏ ਜਾਣ ਵਾਲੇ ਹੈਲਥ ਕਾਰਡਾਂ ਦੀ ਡਾਟਾ ਐਂਟਰੀ ਕਰਵਾਉਣ ਲਈ ਉਨ੍ਹਾਂ ਦੀਆਂ ਡਿਊਟੀਆਂ ਲਗਾਏ ਜਾਣ ਖ਼ਿਲਾਫ਼ ਡੀ ਸੀ ਨੂੰ ਅੱਜ ਇਥੇ ਮੰਗ ਪੱਤਰ ਦਿੱਤਾ ਗਿਆ। ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਰਾਖੀ ਮੰਨਣ ਦੀ ਅਗਵਾਈ ਹੇਠ ਜਥੇਬੰਦੀ ਦੇ ਹੋਰਨਾਂ ਆਗੂਆਂ ਨੇ ਕਿਹਾ ਕਿ ਵਰਤਮਾਨ ਹਾਲਤ ਵਿੱਚ ਉਨ੍ਹਾਂ ਦੀਆਂ ਡਿਊਟੀਆਂ ਕਈ ਹੋਰ ਗੈਰ-ਵਿਦਿਅਕ ਕੰਮਾਂ ਲਈ ਪਹਿਲਾਂ ਹੀ ਲਗਾਈਆਂ ਹੋਈਆਂ ਹਨ| ਜਥੇਬੰਦੀ ਦੇ ਆਗੂਆਂ ਕਿਹਾ ਇਸ ਸਮੇਂ ਜਿੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ, ਦਸਵੀਂ ਅਤੇ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਚੱਲ ਰਹੀਆਂ ਹਨ ਅਤੇ ਪੜ੍ਹਾਈ ਦਾ ਸਮਾਂ ਵੀ ਸਿਖਰ ’ਤੇ ਹੈ ਜਿਸ ਕਰਕੇ ਉਨ੍ਹਾਂ ਦਾ ਆਪਣਾ ਕੰਮ ਪਹਿਲਾਂ ਹੀ ਵਧੇਰੇ ਚਲ ਰਿਹਾ ਹੈ| ਉਨ੍ਹਾਂ ਆਖਿਆ ਕਿ ਇਸ ਤੋਂ ਇਲਾਵਾ ਕੰਪਿਊਟਰ ਅਧਿਆਪਕਾਂ ਦੀ ਬਤੌਰ ਬੀ ਐੱਲ ਓ ਦੀ ਡਿਊਟੀ ਵੀ ਲੱਗੀ ਹੋਈ ਹੈ ਅਤੇ ਉਨ੍ਹਾਂ ਤੋਂ ਵੋਟ ਸੁਧਾਈ ਦਾ ਕੰਮ ਵੀ ਲਿਆ ਜਾ ਰਿਹਾ ਹੈ| ਇਸ ਦੇ ਨਾਲ ਪ੍ਰੀ-ਐਸ ਆਈ ਆਰ ਦਾ ਕੰਮ ਵੀ ਉਨ੍ਹਾਂ ਨੂੰ ਦਿੱਤਾ ਹੋਇਆ ਹੈ। ਕੰਪਿਊਟਰ ਅਧਿਆਪਕਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਨੂੰ ਰਾਹਤ ਨਾ ਦੇਣ ਤੇ ਸੰਘਰਸ਼ ਦੇ ਰਾਹ ਪੈਣ ਦੀ ਚਿਤਾਵਨੀ ਦਿੱਤੀ|

