ਤੇਜਿੰਦਰ ਸਿੰਘ ਖਾਲਸਾ
ਚੋਹਲਾ ਸਾਹਿਬ, 7 ਫਰਵਰੀ
ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ ਵਲੋਂ 32 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਕੌਮੀ ਮਾਰਗ 54 ’ਤੇ ਸਥਿਤ ਉਸਮਾ ਟੋਲ ਪਲਾਜ਼ਾ ’ਤੇ 12 ਤੋਂ 2 ਵਜੇ ਤੱਕ ਸੜਕੀ ਆਵਾਜਾਈ ਮੁਕੰਮਲ ਠੱਪ ਰੱਖੀ ਗਈ।
ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਕੰਵਲਪ੍ਰੀਤ ਸਿੰਘ ਪੰਨੂੰ ਨੇ ਕਿਹਾ ਕਿ ਕੋਵਿਡ ਦੇ ਨਾਂ ਹੇਠ ਪਾਬੰਦੀਆਂ ਲਗਾ ਕੇ ਸਰਕਾਰ ਨੇ ਪਹਿਲਾਂ ਲੋਕਾਂ ਦਾ ਕਾਰੋਬਾਰ ਫੇਲ੍ਹ ਕਰਕੇ ਬੇਰੁਜ਼ਗਾਰੀ ਵਿੱਚ ਅਥਾਹ ਵਾਧਾ ਕੀਤਾ ਅਤੇ ਗ਼ਰੀਬ ਲੋਕਾਂ ਨੂੰ ਭੁੱਖਮਰੀ ਵੱਲ ਧੱਕਿਆ। ਕੋਵਿਡ ਦੇ ਨਾਂ ਹੇਠ ਲੋਕਾਂ ਦੀਆਂ ਕੀਮਤੀ ਜਾਨਾਂ ਲਈਆਂ ਅਤੇ ਹੁਣ ਸਕੂਲ, ਕਾਲਜ ਬੰਦ ਕਰਕੇ ਬੱਚਿਆਂ ਦਾ ਭਵਿੱਖ ਤਬਾਹ ਕੀਤਾ ਜਾ ਰਿਹਾ ਹੈ। ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਮੰਗ ਕੀਤੀ ਕਿ ਪ੍ਰਾਇਮਰੀ ਤੋਂ ਲੈ ਕੇ ਸੈਕੰਡਰੀ ਸਕੂਲ, ਕਾਲਜ, ਟੈਕਨੀਕਲ ਕਾਲਜ ਬਿਨਾਂ ਸ਼ਰਤਾਂ ਖੋਲ੍ਹੇ ਜਾਣ। ਪੰਨੂੰ ਨੇ ਕਿਹਾ ਕਿ ਬੇਮੌਸਮੀ ਬਾਰਸ਼ ਅਤੇ ਗੜਿਆਂ ਨਾਲ ਨੁਕਸਾਨੀ ਆਲੂਆਂ ਦੀ ਫਸਲ ਸਮੇਤ ਹੋਰ ਤਬਾਹ ਹੋਈਆਂ ਸਾਰੀਆਂ ਫ਼ਸਲਾਂ ਦਾ ਮੁਆਵਜ਼ਾ ਤੁਰੰਤ ਕਿਸਾਨਾਂ ਨੂੰ ਦਿੱਤਾ ਜਾਵੇ। ਬੁਲਾਰਿਆਂ ਵਿੱਚ ਜਥੇਬੰਦੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਹੈਪੀ ਗਿੱਲ, ਕੁਲਬੀਰ ਸਿੰਘ ਚੌਧਰੀਵਾਲਾ, ਸਤਬੀਰ ਸਿੰਘ, ਗੁਰਬਚਨ ਸਿੰਘ ਘੜਕਾ, ਤਰਸੇਮ ਸਿੰਘ ਭਗਵਾਨਪੁਰ, ਗੁਰਦੇਵ ਸਿੰਘ ਪੱਧਰੀ, ਵੀਰਪਾਲ ਸਿੰਘ, ਜਸਪਾਲ ਸਿੰਘ ਕਿਰਤੋਵਾਲ, ਦਵਿੰਦਰ ਸਿੰਘ ਬਿੱਟੂ ਵਰਿਆਂਹ, ਸਾਹਿਬ ਸਿੰਘ ਮਾਣੋਚਾਲ, ਜਗਮੋਹਨ ਸਿੰਘ ਸਭਰਾ, ਦਿਲਬਾਗ ਸਿੰਘ ਵਰਿਆਂਹ ਸ਼ਾਮਿਲ ਸਨ।
ਵਿੱਦਿਅਕ ਅਦਾਰੇ ਖੁੱਲ੍ਹਵਾਉਣ ਲਈ ਇਕੱਠ
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਨਵੀਨਰ ਕਾਮਰੇਡ ਕਰਨ ਸਿੰਘ ਰਾਣਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਵਤਾਰ ਸਿੰਘ ਤਾਰੀ ਤੇ ਕੁੱਲ ਹਿੰਦ ਕਿਸਾਨ ਸਭਾ ਬਲਾਕ ਬਲਾਚੌਰ ਦੇ ਪ੍ਰਧਾਨ ਬਲਵੀਰ ਸਿੰਘ ਸਰਪੰਚ ਆਦਿ ਆਗੂਆਂ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਲੋਕ ਕਾਠਗੜ੍ਹ ਮੋੜ ’ਤੇ ਇਕੱਠੇ ਹੋਏ। ਆਗੂਆਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੰਯੁਕਤ ਕਿਸਾਨ ਮੋਰਚਾ ਲੋਕ ਮੰਗਾਂ ਲਈ ਹਮੇਸ਼ਾ ਮੂਹਰੇ ਹੋ ਕੇ ਲੜੇਗਾ।