ਕੇਂਦਰੀ ਟੀਮ ਨੇ ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ
ਕੇਂਦਰੀ ਜਾਂਚ ਟੀਮ ਨੇ ਹੜ੍ਹ ਪ੍ਰਭਾਵਿਤ ਸਰਹੱਦੀ ਖੇਤਰ ਸਮੇਤ ਜ਼ਿਲ੍ਹੇ ਵਿੱਚ ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ। ਪਠਾਨਕੋਟ ਜ਼ਿਲ੍ਹੇ ਵਿੱਚ ਇਹ ਸਮੀਖਿਆ ਦੋ ਦਿਨ ਚੱਲੀ। ਇਸ ਦੌਰਾਨ ਕੇਂਦਰੀ ਟੀਮ ਦੇ ਵਿਸ਼ੇਸ਼ ਵਿਗਿਆਨੀ ਐੱਮ ਐੱਸ ਦਲਢੇਹਰਾ, ਮੁੱਖ ਵਿਗਿਆਨੀ ਡਾ. ਐੱਸ ਗਣੇਸ਼ ਕੁਮਾਰ, ਡੀ ਆਰ ਆਰ ਅਫਸਰ ਸਾਊਥ ਐੱਮ ਏ ਦਸ਼ਰਥੀ, ਤਕਨੀਕੀ ਮਾਹਿਰ ਡਾ. ਪ੍ਰੇਮ ਸਿੰਘ, ਸਹਾਇਕ ਪ੍ਰੋਫੈਸਰ ਅਮਰਜੀਤ ਕੁਮਾਰ ਅਤੇ ਤਕਨੀਕੀ ਮਾਹਰ ਸੀਵੀ ਮੋਹਨ ਨੇ ਪਠਾਨਕੋਟ ਜ਼ਿਲ੍ਹੇ ਦੇ ਕੋਹਲੀਆਂ ਅਤੇ ਪੰਮਾ ਪਿੰਡ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਰਾਵੀ ਦਰਿਆ ਦੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਕੇਂਦਰੀ ਟੀਮ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ। ਪਿੰਡ ਵਾਸੀਆਂ ਨੇ ਕੇਂਦਰੀ ਟੀਮ ਅੱਗੇ ਆਪਣੀਆਂ ਮੰਗਾਂ ਰੱਖੀਆਂ ਅਤੇ ਕਿਹਾ ਕਿ ਭਵਿੱਖ ਵਿੱਚ ਇਸ ਖੇਤਰ ਨੂੰ ਸੰਭਾਵੀ ਹੜ੍ਹਾਂ ਤੋਂ ਸੁਰੱਖਿਅਤ ਰੱਖਣ ਲਈ, ਨਰੋਟ ਜੈਮਲ ਸਿੰਘ, ਬਮਿਆਲ, ਪਿੰਡ ਪੰਮਾ, ਕੋਹਲੀਆਂ ਅਤੇ ਹੋਰ ਥਾਵਾਂ ’ਤੇ ਕੰਕਰੀਟ ਦੇ ਬੰਨ੍ਹ ਬਣਾਏ ਜਾਣ ਤਾਂ ਜੋ ਅਜਿਹੀਆਂ ਆਫ਼ਤਾਂ ਤੋਂ ਬਚਿਆ ਜਾ ਸਕੇ। ਕੇਂਦਰੀ ਟੀਮ ਦੇ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਜਾਣਕਾਰੀ ਕੇਂਦਰ ਨੂੰ ਭੇਜੀ ਜਾਵੇਗੀ ਅਤੇ ਭਵਿੱਖ ਵਿੱਚ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ। ਕੇਂਦਰੀ ਟੀਮ ਦੇ ਅਧਿਕਾਰੀਆਂ ਨੇ ਜ਼ਿਲ੍ਹੇ ਦੇ ਸਿੱਖਿਆ ਵਿਭਾਗ, ਸਿੰਜਾਈ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਹੋਏ ਨੁਕਸਾਨ ਦੀ ਰਿਪੋਰਟ ਮੰਗੀ ਤਾਂ ਜੋ ਵਿਭਾਗਾਂ ਨੂੰ ਜਲਦੀ ਨੁਕਸਾਨ ਲਈ ਫੰਡ ਮੁਹੱਈਆ ਕਰਵਾਏ ਜਾ ਸਕਣ।
