Cash And Jewelry Stolen:ਘਰੋਂ ਡੇਢ ਲੱਖ ਰੁਪਏ ਅਤੇ ਗਹਿਣੇ ਚੋਰੀ
ਮੋਟਰਸਾਈਕਲ ਕਾਬੂ ਕੀਤਾ; ਦੁੱਧ ਵਾਲੇ ’ਤੇ ਚੋਰੀ ਦਾ ਸ਼ੱਕ
ਸੁਜਾਨਪੁਰ ਦੇ ਕਸ਼ਮੀਰੀ ਵਰਕੀ ਕਲੋਨੀ ਵਿੱਚ ਸਵੇਰੇ ਇੱਕ ਘਰ ਵਿੱਚੋਂ ਨਕਦੀ ਅਤੇ ਗਹਿਣੇ ਚੋਰੀ ਹੋ ਗਏ। ਮੁਹੱਲਾ ਵਰਕੀ ਕਲੋਨੀ ਦੇ ਵਾਸੀ ਰਵੀ ਕੁਮਾਰ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਕੰਮ ਤੋਂ ਘਰ ਵਾਪਸ ਆਇਆ ਤਾਂ ਇੱਕ ਗੁੱਜਰ, ਜੋ ਉਨ੍ਹਾਂ ਦੇ ਘਰ ਦੁੱਧ ਪਾਉਣ ਆਉਂਦਾ ਹੈ, ਉਨ੍ਹਾਂ ਦੇ ਘਰ ਅੰਦਰ ਮੌਜੂਦ ਸੀ। ਸਬੰਧਤ ਵਿਅਕਤੀ ਨੇ ਘਰ ਦੇ ਅੰਦਰ ਜਾ ਕੇ ਉਨ੍ਹਾਂ ਦੀ ਅਲਮਾਰੀ ਵਿੱਚੋਂ ਡੇਢ ਲੱਖ ਰੁਪਏ ਦੀ ਨਕਦੀ ਅਤੇ ਗਹਿਣੇ ਕੱਢ ਲਏ ਸਨ। ਜਦੋਂ ਉਹ ਘਰ ਦੇ ਅੰਦਰੋਂ ਬਾਹਰ ਨਿਕਲਿਆ ਤਾਂ ਉਸੇ ਵੇਲੇ ਰਵੀ ਕੁਮਾਰ ਵੀ ਘਰ ਪੁੱਜ ਗਿਆ। ਉਸ ਨੇ ਜਦੋਂ ਸਬੰਧਤ ਵਿਅਕਤੀ ਤੋਂ ਪੁੱਛਿਆ ਕਿ ਉਹ ਘਰ ਦੇ ਅੰਦਰ ਕੀ ਕਰਨ ਗਿਆ ਸੀ ਤਾਂ ਉਹ, ਉਸ ਦੇ ਥੱਪੜ ਮਾਰ ਕੇ ਦੌੜ ਪਿਆ। ਇਸ ਦੌਰਾਨ ਰਵੀ ਕੁਮਾਰ ਨੇ ਉਸ ਦਾ ਮੋਟਰਸਾਈਕਲ ਕਾਬੂ ਕਰ ਲਿਆ। ਰੌਲਾ ਪੈਣ ’ਤੇ ਲੋਕ ਇਕੱਠੇ ਹੋ ਗਏ, ਪਰ ਸਬੰਧਤ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਿਆ।
ਰਵੀ ਕੁਮਾਰ ਨੇ ਅੱਗੇ ਦੱਸਿਆ ਉਸ ਦੀ ਪਤਨੀ ਛੱਤ ’ਤੇ ਖਾਣਾ ਬਣਾ ਰਹੀ ਸੀ। ਮੁਲਜ਼ਮ ਕਾਫ਼ੀ ਸਮੇਂ ਤੋਂ ਉਨ੍ਹਾਂ ਦੇ ਘਰ ਦੁੱਧ ਪਾਉਂਦਾ ਆ ਰਿਹਾ ਹੈ। ਹਰ ਰੋਜ਼ ਦੀ ਤਰ੍ਹਾਂ ਉਹ ਦੁੱਧ ਪਾਉਣ ਵਾਲਾ ਬਰਤਨ ਘਰ ਵਿੱਚ ਰੱਖ ਦਿੰਦੇ ਸਨ ਅਤੇ ਉਹ ਦੁੱਧ ਪਾ ਕੇ ਚਲੇ ਜਾਂਦਾ ਸੀ ਪਰ ਜਦੋਂ ਉਸ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਖੁੱਲ੍ਹੀ ਹੋਈ ਸੀ ਅਤੇ ਸਾਮਾਨ ਖਿਲਰਿਆ ਪਿਆ ਸੀ। ਇਸ ਦੌਰਾਨ ਉਸ ਨੂੰ ਨਕਦੀ ਅਤੇ ਗਹਿਣੇ ਚੋਰੀ ਹੋਣ ਦਾ ਪਤਾ ਲੱਗਿਆ। ਰਵੀ ਕੁਮਾਰ ਨੇ ਇਸ ਘਟਨਾ ਸਬੰਧੀ ਪੁਲੀਸ ਦੇ ਐਮਰਜੈਂਸੀ ਨੰਬਰ 112 ’ਤੇ ਸ਼ਿਕਾਇਤ ਦਰਜ ਕਰਵਾਈ। ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

