ਕਾਰ ਤੇ ਟਰਾਲੀ-ਟਰੈਕਟਰ ਦੀ ਟੱਕਰ; ਪਤੀ-ਪਤਨੀ ਦੀ ਮੌਤ
ਅੰਮ੍ਰਿਤਸਰ ’ਚ ਵਿਆਹ ਸਮਾਗਮ ਤੋਂ ਜੰਮੂ ਪਰਤ ਰਹੇ ਸਨ ਕਾਰ ਸਵਾਰ
Advertisement
ਇੱਥੇ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ਉਪਰ ਪੈਂਦੇ ਕਸਬਾ ਨੌਸ਼ਹਿਰਾ ਮੱਝਾ ਸਿੰਘ ਨੇੜੇ ਸੁਚੇਤਗੜ੍ਹ ਮੋੜ ’ਤੇ ਸਵਿਫਟ ਡਿਜ਼ਾਇਰ ਕਾਰ ਅਤੇ ਟਰੈਕਟਰ ਟਰਾਲੀ ਵਿਚਾਲੇ ਟੱਕਰ ਹੋ ਗਈ। ਹਾਦਸੇ ’ਚ ਕਾਰ ਸਵਾਰ ਚਾਰ ਜਣਿਆਂ ਵਿੱਚੋਂ ਪਤੀ ਪਤਨੀ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਇਕ ਵਿਅਕਤੀ ਅਤੇ ਔਰਤ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਜੀਵਨ ਬੱਤਰਾ ਅਤੇ ਹਰਸ਼ ਬੱਤਰਾ ਵਾਸੀ ਜੰਮੂ ਵਜੋਂ ਹੋਈ। ਕਾਰ ਸਵਾਰ ਦੋਵੇਂ ਭੈਣਾਂ ਅਤੇ ਦੋਵੇਂ ਸਾਢੂ ਸਨ। ਜਾਣਕਾਰੀ ਅਨੁਸਾਰ ਚਾਰੇ ਜਣੇ ਆਪਣੇ ਰਿਸ਼ਤੇਦਾਰਾਂ ਦੇ ਅੰਮ੍ਰਿਤਸਰ ਵਿਖੇ ਵਿਆਹ ਸਮਾਗਮ ਤੋਂ ਵਾਪਸ ਸ਼ਾਮ ਨੂੰ ਆਪਣੀ ਕਾਰ (ਨੰਬਰ ਨੰਬਰ ਜੇ.ਕੇ 02 ਏ.ਪੀ 9530) ਉੱਤੇ ਸਵਾਰ ਹੋ ਕੇ ਆਪਣੇ ਘਰ ਜੰਮੂ ਨੂੰ ਜਾਂਦੇ ਸਮੇਂ ਜਦੋਂ ਨੈਸ਼ਨਲ ਹਾਈਵੇਅ ਉੱਪਰ ਕਸਬਾ ਨੌਸ਼ਹਿਰਾ ਮੱਝਾ ਸਿੰਘ ਤੋਂ ਅੱਗੇ ਥੋੜ੍ਹੀ ਦੂਰੀ ’ਤੇ ਪੈਂਦੇ ਸੁਚੇਤਗੜ੍ਹ-ਸੁਚਾਨੀਆਂ ਮੋੜ ਕੋਲ ਪਹੁੰਚੇ ਤਾਂ ਕਾਰ-ਟਰਾਲੀ ਟਰੈਕਟਰ ਦੇ ਪਿੱਛੇ ਜ਼ੋਰ ਨਾਲ ਜਾ ਟਕਰਾਈ। ਇਸ ਹਾਦਸੇ ਦੌਰਾਨ ਜੀਵਨ ਬੱਤਰਾ ਅਤੇ ਉਸਦੀ ਪਤਨੀ ਹਰਸ਼ ਬੱਤਰਾ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਮ੍ਰਿਤਕ ਜੀਵਨ ਬੱਤਰਾ ਦੀ ਸਾਲੀ ਅਤੇ ਸਾਢੂ ਦੋਵੇਂ ਗੰਭੀਰ ਜ਼ਖਮੀ ਹੋ ਗਏ। ਸੂਚਨਾ ਮਿਲਦੇ ਹੀ ਸਬੰਧਿਤ ਥਾਣਾ ਸੇਖਵਾਂ ਦੇ ਮੁਖੀ ਸਬ ਇੰਸਪੈਕਟਰ ਰਜਵੰਤ ਕੌਰ ਨੇ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਕਾਰ ਵਿੱਚੋਂ ਲਾਸ਼ਾਂ ਬਾਹਰ ਕਢਵਾਇਆ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ। ਥਾਣਾ ਸੇਖਵਾਂ ਮੁਖੀ ਰਜਵੰਤ ਕੌਰ ਨੇ ਦੱਸਿਆ ਮ੍ਰਿਤਕਾਂ ਦੇ ਪੁੱਤਰ ਦੇ ਬਿਆਨਾਂ ਅਨੁਸਾਰ ਧਾਰਾ 174 ਦੀ ਕਾਰਵਾਈ ਕੀਤੀ ਹੈ।
Advertisement
Advertisement
