ਬਜਟ ਵਿਕਾਸ ਤੇ ਵਿੱਤੀ ਅਨੁਸ਼ਾਸਨ ਦਾ ਸੰਤੁਲਿਤ ਦਸਤਾਵੇਜ਼: ਸਾਂਪਲਾ
ਕੇਂਦਰੀ ਬਜਟ ਵਿਕਾਸ ਤੇ ਵਿੱਤੀ ਅਨੁਸ਼ਾਸਨ ਦਾ ਸੰਤੁਲਿਤ ਦਸਤਾਵੇਜ਼ ਹੈ ਜੋ ਭਾਰਤ ਨੂੰ ਆਤਮਨਿਰਭਰ ਅਤੇ ਵਿਕਸਤ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ ਮਜ਼ਬੂਤ ਨੀਂਹ ਰੱਖਦਾ ਹੈ। ਇਹ ਪ੍ਰਗਟਾਵਾ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਅੱਜ...
ਕੇਂਦਰੀ ਬਜਟ ਵਿਕਾਸ ਤੇ ਵਿੱਤੀ ਅਨੁਸ਼ਾਸਨ ਦਾ ਸੰਤੁਲਿਤ ਦਸਤਾਵੇਜ਼ ਹੈ ਜੋ ਭਾਰਤ ਨੂੰ ਆਤਮਨਿਰਭਰ ਅਤੇ ਵਿਕਸਤ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ ਮਜ਼ਬੂਤ ਨੀਂਹ ਰੱਖਦਾ ਹੈ। ਇਹ ਪ੍ਰਗਟਾਵਾ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਅੱਜ ਇਥੇ ਕੀਤਾ। ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਨਿਪੁੰਨ ਸ਼ਰਮਾ ਵੀ ਮੌਜੂਦ ਸਨ। ਸਾਂਪਲਾ ਨੇ ਕਿਹਾ ਕਿ ਬਜਟ ਵਿਚ 12.2 ਲੱਖ ਕਰੋੜ ਰੁਪਏ ਦੇ ਰਿਕਾਰਡ ਪੂੰਜੀਗਤ ਨਿਵੇਸ਼ ਨਾਲ ਸੜਕਾਂ, ਰੇਲ, ਏਅਰਪੋਰਟ, ਊਰਜਾ ਆਦਿ ਖੇਤਰਾਂ ਨੂੰ ਨਵੀਂ ਗਤੀ ਮਿਲੇਗੀ। ਇਸ ਨਾਲ ਆਰਥਿਕ ਗਤੀਵਿਧੀਆਂ ਤੇਜ਼ ਹੋਣਗੀਆਂ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਬਜਟ ਵਿਚ ਬੁਨਿਆਦੀ ਢਾਂਚੇ ਅਤੇ ਕੁਨੈਕਟੀਵਿਟੀ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਸ ਦੇ ਨਾਲ-ਨਾਲ ਸਿੱਖਿਆ, ਕਿੱਤਾ ਅਤੇ ਰੁਜ਼ਗਾਰ ਦਾ ਵੀ ਬਜਟ ’ਚ ਵਿਸ਼ੇਸ਼ ਖਿਆਲ ਰੱਖਿਆ ਗਿਆ ਹੈ। ਸਾਂਪਲਾ ਨੇ ਕਿਹਾ ਕਿ ਕੇਂਦਰੀ ਬਜਟ ਸਬਕਾ ਸਾਥ, ਸਬਕਾ ਵਿਕਾਸ ਅਤੇ ਆਤਮਨਿਰਭਰ ਭਾਰਤ ਦੀ ਭਾਵਨਾ ਨੂੰ ਸਾਕਾਰ ਕਰਦਾ ਹੈ ਅਤੇ 2047 ਤੱਕ ਵਿਕਸਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਦੀ ਦਿਸ਼ਾ ਵੱਲ ਇਤਿਹਾਸਕ ਕਦਮ ਹੈ।
ਬਜਟ ਆਮ ਲੋਕਾਂ ਦੇ ਹਿੱਤਾਂ ਦੀ ਪੂਰਤੀ ਕਰਨ ਤੋਂ ਦੂਰ ਵਾਲਾ ਕਰਾਰ
ਤਰਨ ਤਾਰਨ (ਪੱਤਰ ਪ੍ਰੇਰਕ): ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਅਤੇ ਜ਼ਿਲ੍ਹਾ ਆਗੂ ਬਲਦੇਵ ਸਿੰਘ ਪੰਡੋਰੀ ਨੇ ਕੇਂਦਰ ਸਰਕਾਰ ਦੇ ਬਜਟ ਨੂੰ ਆਮ ਲੋਕਾਂ ਦੇ ਹਿੱਤਾਂ ਦੀ ਪੂਰਤੀ ਤੋਂ ਦੂਰ ਕਰਨ ਵਾਲਾ ਆਖਿਆ| ਆਗੂਆਂ ਨੇ ਕਿਹਾ ਕਿ ਬਜਟ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਜ਼ਰੂਰ ਕਰਨ ਵਾਲਾ ਹੈ| ਉਨ੍ਹਾਂ ਕਿਹਾ ਕਿ ਬਜਟ ਵਿੱਚ ਮਹਿੰਗਾਈ ’ਤੇ ਕਾਬੂ ਪਾਉਣ ਦਾ ਜ਼ਿਕਰ ਤੱਕ ਵੀ ਨਹੀਂ ਕੀਤਾ ਗਿਆ ਅਤੇ ਨਾ ਹੀ ਬੇਰੁਜ਼ਗਾਰੀ ਅਤੇ ਸੰਕਟ ਨਾਲ ਜੂਝਦੀ ਕਿਸਾਨੀ ਦੀਆਂ ਮੁਸ਼ਕਲਾਂ ਦਾ ਕੋਈ ਚਾਰਾ ਸੁਝਾਇਆ ਗਿਆ ਹੈ| ਆਗੂਆਂ ਨੇ ਮਹਿੰਗਾਈ ਨੂੰ ਕਾਬੂ ਕੀਤੇ ਜਾਣ ਨੂੰ ਪਹਿਲ ਦੇਣ ਦੀ ਲੋੜ ਤੇ ਜ਼ੋਰ ਦਿੱਤਾ ਹੈ|

