ਬ੍ਰਹਮਪੁਰਾ ਵੱਲੋਂ ਵੇਂਈਂਪੂਈਂ ਅਤੇ ਢੋਟੀਆਂ ਦੇ ਪੀੜਤ ਪਰਿਵਾਰਾਂ ਨਾਲ ਗੱਲਬਾਤ
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਹਲਕਾ ਸ੍ਰੀ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਰਿਸ਼ਤੇਦਾਰਾਂ ਵੱਲੋਂ ਬੀਤੀ ਸ਼ਾਮ ਪਿੰਡ ਵੇਂਈਂਪੂਈਂ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਪਰਿਵਾਰਾਂ ਦੇ ਘਰਾਂ ’ਤੇ ਕਥਿਤ ਤੌਰ ’ਤੇ ਹਮਲਾ ਕਰ...
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਹਲਕਾ ਸ੍ਰੀ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਰਿਸ਼ਤੇਦਾਰਾਂ ਵੱਲੋਂ ਬੀਤੀ ਸ਼ਾਮ ਪਿੰਡ ਵੇਂਈਂਪੂਈਂ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਪਰਿਵਾਰਾਂ ਦੇ ਘਰਾਂ ’ਤੇ ਕਥਿਤ ਤੌਰ ’ਤੇ ਹਮਲਾ ਕਰ ਕੇ ਅਤੇ ਪੈਟਰੋਲ ਪਾ ਕੇ ਘਰਾਂ ਨੂੰ ਅੱਗ ਲਗਾ ਕੇ ਤਬਾਹ ਕਰ ਦੇਣ ਦੀ ਸ਼ਿਕਾਇਤ ਦੇਸ਼ ਦੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਭੇਜੀ ਹੈ। ਸ੍ਰੀ ਬ੍ਰਹਮਪੁਰਾ ਨੇ ਅੱਜ ਇੱਥੇ ਪਿੰਡ ਵੇਂਈਂਪੂਈਂ ਅਤੇ ਢੋਟੀਆਂ ਵਿੱਚ ‘ਆਪ’ ਦੇ ਸਰਪੰਚਾਂ ਵੱਲੋਂ ਕੀਤੀਆਂ ਵਧੀਕੀਆਂ ਖ਼ਿਲਾਫ਼ ਪੀੜਤ ਪਰਿਵਾਰਾਂ ਨੂੰ ਹੌਸਲਾ ਦਿੱਤਾ ਅਤੇ ਦਲਬੀਰ ਕੌਰ ਦੇ ਘਰ ਵਿੱਚ ਪੈਟਰੋਲ ਛਿੜਕ ਕੇ ਅੱਗ ਲਗਾ ਦੇਣ ਦੀ ਘਟਨਾ ਨੂੰ ਲੋਕਤੰਤਰ ਦਾ ਕਤਲ ਆਖਿਆ। ਉਨ੍ਹਾਂ ਕਿਹਾ ਕਿ ਵੇਂਈਂਪੂਈਂ ਵਿੱਚ ਜਿੱਥੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਸਾਲੇ ਨੇ ਆਪਣੇ ਸਾਥੀਆਂ ਨੂੰ ਲੈ ਕੇ ਗੁੰਡਾਗਰਦੀ ਦਾ ਨਾਚ ਕੀਤਾ, ਉੱਥੇ ਉਨ੍ਹਾਂ ਪਿੰਡ ਦੇ ਇੱਕ ਹੋਰ ਅਨੁਸੂਚਿਤ ਜਾਤੀ ਨਾਲ ਸਬੰਧਤ ਸੁਖਦੇਵ ਸਿੰਘ ਸੋਨੂੰ ਦੇ ਘਰ ਨੂੰ ਵੀ ਅੱਗ ਲਾ ਦਿੱਤੀ। ਸ੍ਰੀ ਬ੍ਰਹਮਪੁਰਾ ਨੇ ਢੋਟੀਆਂ ਪਿੰਡ ਦੇ ਸਰਪੰਚ ਵੱਲੋਂ ਹਾਕਮ ਧਿਰ ਦੇ ਆਗੂ ਹੋਣ ਕਾਰਨ ਇੱਕ ਵਿਅਕਤੀ ਨੂੰ ਉਸਦੇ ਘਰ ਬੰਦੀ ਬਣਾ ਕੇ ਉਸ ਉੱਪਰ ਤਸ਼ੱਦਦ ਕਰਨ ਨੂੰ ਮੰਦਭਾਗਾ ਆਖਿਆ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੱਕ ਸ਼੍ਰੋਮਣੀ ਅਕਾਲੀ ਦਲ ਤਿੱਖਾ ਸੰਘਰਸ਼ ਕਰੇਗਾ।

