Brahmpura ਦੇ ਬੋਰਡਾਂ ਨੇ ਹਲਕੇ ਵਿੱਚ ਚਰਚਾ ਛੇੜੀ
ਹਲਕੇ ਦੇ ਅਕਾਲੀ ਆਗੂਆਂ ਵੱਲੋਂ ਨਵੇਂ ਥਾਪੇ ਹਲਕਾ ਇੰਚਾਰਜ ਨਾਲ ਚੱਲਣ ਦਾ ਦਾਅਵਾ
ਹਲਕਾ ਖਡੂਰ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਦੀ ਦੌੜ ਤੋਂ ਪੱਛੜੇ ਬ੍ਰਹਮਪੁਰਾ ਵੱਲੋਂ ਹਲਕੇ ਵਿੱਚ ਲਵਾਏ ਹਲਕਾ ਇੰਚਾਰਜ ਦੇ ਬੋਰਡ ਇਸ ਸਮੇਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਖਡੂਰ ਸਾਹਿਬ ਦਾ ਨਵਾਂ ਹਲਕਾ ਇੰਚਾਰਜ ਥਾਪੇ ਜਾਣ ਤੋਂ ਬਾਅਦ ਅਕਾਲੀ ਦਲ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਾਰਟੀ ਪ੍ਰਧਾਨ ਦੇ ਇਸ ਫੈਸਲੇ ਵਿਰੁੱਧ ਹਲਕੇ ਵਿੱਚ ਬਗਾਵਤ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਦਲ ਦੀ ਵਾਗਡੋਰ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਦੀ ਪਤਨੀ ਬੀਬਾ ਰਮਨਦੀਪ ਕੌਰ ਨੂੰ ਸੌਂਪ ਦਿੱਤੀ ਹੈ। ਅਕਾਲੀ ਦਲ ਦੇ ਇਸ ਫੈਸਲੇ ਮਗਰੋਂ ਸਵਰਗੀ ਕੈਬਨਿਟ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਦੇ ਪੁੱਤਰ ਰਵਿੰਦਰ ਸਿੰਘ ਬ੍ਰਹਮਪੁਰਾ ਨਰਾਜ਼ ਚੱਲ ਰਹੇ ਹਨ। ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਕੁਲਦੀਪ ਸਿੰਘ ਔਲਖ, ਐੱਸ ਜੀ ਪੀ ਸੀ ਮੈਂਬਰ ਬਲਵਿੰਦਰ ਸਿੰਘ ਵਈਂਪੁਈ, ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਲਹੌਰੀਆ, ਭੁਪਿੰਦਰ ਸਿੰਘ ਭਿੰਦਾ ਫਤਿਆਬਾਦ ਨੇ ਕਿਹਾ ਕਿ ਉਹ ਪਾਰਟੀ ਪ੍ਰਧਾਨ ਵੱਲੋਂ ਹਲਕਾ ਖਡੂਰ ਸਾਹਿਬ ਲਈ ਕੀਤੇ ਫੈਸਲੇ ਦਾ ਸਵਾਗਤ ਕਰਦੇ ਹੋਏ ਬੀਬੀ ਰਮਨਦੀਪ ਕੌਰ ਨਾਲ ਚੱਟਾਨ ਵਾਂਗ ਖੜ੍ਹੇ ਹਾਂ। ਉਧਰ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅਕਾਲੀ ਦਲ ਵਿੱਚ ਰਹਿਣ ਦਾ ਦਾਅਵਾ ਕਰਦੇ ਹੋਏ ਪਾਰਟੀ ਪ੍ਰਧਾਨ ਵੱਲੋਂ ਦਾਗੀ ਕਿਰਦਾਰ ਨਾਲ ਸਬੰਧਤ ਲੋਕਾਂ ਨੂੰ ਹਲਕਾ ਖਡੂਰ ਸਾਹਿਬ ਦੀ ਜ਼ਿੰਮੇਵਾਰੀ ਸੌਂਪਣ ਦਾ ਦੋਸ਼ ਲਾਉਂਦਿਆਂ ਫੈਸਲੇ ’ਤੇ ਨਰਾਜ਼ਗੀ ਪ੍ਰਗਟਾਈ ਹੈ।

