ਪੱਤਰ ਪ੍ਰੇਰਕ
ਅਟਾਰੀ/ਕਾਦੀਆਂ, 27 ਅਗਸਤ
ਭਾਰਤ ਸਥਿਤ ਕਾਦੀਆਂ ਦੇ ਅਹਿਮਦੀਆ ਭਾਈਚਾਰੇ ਦੀ ਔਰਤ ਅਮਾਤੁਲ ਕੁੱਦੁਸ ਬੇਗਮ ਦੀ ਬਿਮਾਰੀ ਕਾਰਨ ਮੌਤ ਹੋਣ ਉਪਰੰਤ ਅੱਜ ਉਸ ਦੀ ਮ੍ਰਿਤਕ ਦੇਹ ਪਾਕਿਸਤਾਨ ਤੋਂ ਵਾਹਗਾ-ਅਟਾਰੀ ਸਰਹੱਦ ਰਸਤੇ ਭਾਰਤ ਪੁੱਜੀ। ਵਾਹਗਾ-ਅਟਾਰੀ ਸਰਹੱਦ ਵਿਖੇ ਅਮਾਤੁਲ ਕੁੱਦੁਸ ਬੇਗਮ ਦੀ ਮ੍ਰਿਤਕ ਦੇਹ ਨੂੰ ਪਾਕਿਸਤਾਨ ਰੇਂਜਰਜ਼ ਦੇ ਇੰਸਪੈਕਟਰ ਨਾਸਿਰ ਵੱਲੋਂ ਸੀਮਾ ਸੁਰੱਖਿਆ ਬਲ ਦੇ ਸਬ ਇੰਸਪੈਕਟਰ ਆਰਐਸ ਚੌਧਰੀ ਦੇ ਹਵਾਲੇ ਕੀਤਾ ਗਿਆ। ਉਸ ਦੀ ਮੌਤ 24 ਅਗਸਤ ਨੂੰ ਤਾਹਿਰ ਹਾਰਟ ਇੰਸਟੀਚਿਊਟ, ਚਨਾਬ ਨਗਰ, ਪਾਕਿਸਤਾਨ ਵਿਖੇ ਕਾਰਡੀਅਕ ਅਰੇਸਟ ਕਾਰਨ ਹੋਈ ਸੀ।
ਗੌਰਤਲਬ ਹੈ ਕਿ ਮ੍ਰਿਤਕ ਅਮਾਤੁਲ ਕੁੱਦੁਸ ਬੇਗਮ ਦੇ ਪਤੀ ਮਿਰਜ਼ਾ ਵਸੀਮ ਅਹਿਮਦ ਵਾਸੀ ਕਾਦੀਆਂ, ਗੁਰਦਾਸਪੁਰ ਪਾਕਿਸਤਾਨ ਤੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਲੈ ਕੇ ਆਈਸੀਪੀ ਅਟਾਰੀ ਸਰਹੱਦ ਭਾਰਤ ਪੁੱਜੇ। ਉਪਰੋਕਤ ਔਰਤ ਮਿਰਜ਼ਾ ਵਸੀਮ ਅਹਿਮਦ ਦੀ ਪਤਨੀ ਹੈ, ਜੋ ਅਹਿਮਦੀਆ ਲਹਿਰ ਦੇ ਸੰਸਥਾਪਕ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਦੇ ਪੋਤੇ ਹਨ। ਕਾਦੀਆਂ ਹਲਕੇ ਤੋਂ ਸਾਬਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਅਤੇ ਭਾਜਪਾ ਦੇ ਸੀਨੀਅਰ ਆਗੂ ਨੇ ਜਮਾਤੇ ਅਹਿਮਦੀਆ ਦੇ ਅਧਿਕਾਰੀਆਂ ਨਾਲ ਮਿ੍ਤਕ ਦੇਹ ਨੂੰ ਭਾਰਤ-ਪਾਕਿਸਤਾਨ ਵਾਹਗਾ ਸਰਹਦ ਤੋਂ ਵਸੂਲ ਕੀਤਾ। ਉਨ੍ਹਾਂ ਨੂੰ ਉਨ੍ਹਾਂ ਦੇ ਪਤੀ ਸਵਰਗਵਾਸੀ ਮਿਰਜ਼ਾ ਵਸੀਮ ਅਹਿਮਦ ਸਾਹਿਬ ਦੇ ਬਗ਼ਲ ਵਿੱਚ ਕਬਰ ਤਿਆਰ ਕਰ ਕੇ ਦਫ਼ਨਾ ਦਿੱਤਾ ਗਿਆ।