Mini Goa ਦੀ ਝੀਲ ਵਿੱਚ ਬੋਟਿੰਗ ਦੀ ਅਲਾਟਮੈਂਟ ਰੋਕੀ
ਟੈਂਡਰ ਅਲਾਟ ਕਰਨ ਨੂੰ ਲੈ ਕੇ ਖਡ਼੍ਹਾ ਹੋਇਆ ਵਿਵਾਦ; ਵਿਭਾਗ ਵੱਲੋਂ ਜਾਂਚ ਆਰੰਭ
ਰਣਜੀਤ ਸਾਗਰ ਡੈਮ ਦੇ ਚਮਰੋੜ ਦੀ ਝੀਲ, ਜਿਸ ਨੂੰ ਮਿਨੀ ਗੋਆ ਕਿਹਾ ਜਾਂਦਾ ਹੈ, ਵਿੱਚ 2026-27 ਦੀ ਬੋਟਿੰਗ ਦਾ ਟੈਂਡਰ ਅਲਾਟ ਕਰਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਜੰਗਲਾਤ ਵਿਭਾਗ ਵੱਲੋਂ ਆਨਲਾਈਨ ਲਏ ਗਏ ਟੈਂਡਰਾਂ ਵਿੱਚ ਸਭ ਤੋਂ ਵੱਧ ਟੈਂਡਰ 1 ਕਰੋੜ 11 ਲੱਖ ਪਾਉਣ ਵਾਲੀ ਕੰਪਨੀ ‘ਪ੍ਰੀਕਸ਼ਿਤ ਵਾਟਰ ਐਡਵੈਂਚਰਸ’ ਦੇ ਪ੍ਰੋਪਰਾਈਟਰ ਨੂੰ ਡਿਫਾਲਟਰ ਦੱਸਦੇ ਹੋਏ ਕੀਤੀ ਗਈ ਸ਼ਿਕਾਇਤ ਨੂੰ ਲੈ ਕੇ ਬੋਟਿੰਗ ਦੀ ਅਲਾਟਮੈਂਟ ਰੋਕ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਦਕਿ ‘ਪ੍ਰੀਕਸ਼ਿਤ ਵਾਟਰ ਐਡਵੈਂਚਰਸ’ ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਸਭ ਤੋਂ ਵੱਧ ਟੈਂਡਰ ਪਾਇਆ ਸੀ ਅਤੇ ਤਕਨੀਕੀ ਸ਼ਰਤਾਂ ਵੀ ਪੂਰੀਆਂ ਕਰਦੇ ਹਨ।
ਜੰਗਲਾਤ ਵਿਭਾਗ ਦੇ ਡੀ ਐੱਫ ਓ ਅਟਲ ਮਹਾਜਨ ਅਨੁਸਾਰ ਉਨ੍ਹਾਂ ਵੱਲੋਂ ਆਨਲਾਈਨ ਟੈਂਡਰ ਮੰਗੇ ਗਏ ਸਨ। ਇਸ ਵਿੱਚ ਸਭ ਤੋਂ ਵੱਧ 1 ਕਰੋੜ 11 ਲੱਖ ਰੁਪਏ ਦਾ ਟੈਂਡਰ aਪਾਉਣ ਵਾਲੀ ਕੰਪਨੀ ਨੂੰ ਠੇਕਾ ਅਲਾਟ ਕੀਤਾ ਗਿਆ ਜਦਕਿ ਦੂਜੇ ਨੰਬਰ ’ਤੇ ਭਰਨ ਵਾਲੀ ਕੰਪਨੀ ‘ਬਠਿੰਡਾ ਅਮਿਊਜ਼ਮੈਂਟ ਪਾਰਕ’ ਨੇ ਮਹਿਜ਼ 49 ਲੱਖ ਰੁਪਏ ਦਾ ਟੈਂਡਰ ਭਰਿਆ ਸੀ। ਜੰਗਲਾਤ ਵਿਭਾਗ ਨੇ ਵੱਧ ਟੈਂਡਰ ਭਰਨ ਵਾਲੀ ਕੰਪਨੀ ਨੂੰ ਠੇਕਾ ਅਲਾਟ ਕੀਤਾ ਪਰ ਬਾਅਦ ਵਿੱਚ ‘ਬਠਿੰਡਾ ਅਮਿਊਜ਼ਮੈਂਟ ਪਾਰਕ’ ਕੰਪਨੀ ਦੇ ਪ੍ਰੋਪਰਾਈਟਰ ਪਵਨ ਕੁਮਾਰ ਗਰਗ ਨੇ ਸ਼ਿਕਾਇਤ ਕਰ ਦਿੱਤੀ ਕਿ ਜਿਸ ਕੰਪਨੀ ਨੂੰ ਠੇਕਾ ਅਲਾਟ ਕੀਤਾ ਗਿਆ ਹੈ, ਉਹ ਤਕਨੀਕੀ ਤੌਰ ਤੇ ਸ਼ਰਤਾਂ ਪੂਰੀਆਂ ਨਹੀਂ ਕਰਦੀ। ਸ਼ਿਕਾਇਤ ਵਿੱਚ ਲਿਖਿਆ ਗਿਆ ਕਿ ‘ਪ੍ਰੀਕਸ਼ਿਤ ਵਾਟਰ ਐਡਵੈਂਚਰਸ’ ਕੰਪਨੀ ਦੇ ਹੀ ਪ੍ਰੋਪਰਾਈਟਰ ਨੂੰ ਬੋਟਿੰਗ ਦਾ ਪਿਛਲੇ ਸਾਲ ਦਾ ਟੈਂਡਰ ਵੀ ਦੂਜੀ ਕੰਪਨੀ ‘ਅਰਮਾਨ’ ਦੇ ਨਾਂ ਤੇ 1 ਕਰੋੜ 21 ਲੱਖ ਰੁਪਏ ਵਿੱਚ ਅਲਾਟ ਕੀਤਾ ਗਿਆ ਸੀ ਜਿਸ ਨੇ ਨਿਯਮਾਂ ਮੁਤਾਬਕ ਅਦਾਇਗੀ ਨਹੀਂ ਕੀਤੀ। ਇਸ ਕਰਕੇ ਜੰਗਲਾਤ ਵਿਭਾਗ ਵੱਲੋਂ ‘ਅਰਮਾਨ’ ਕੰਪਨੀ ਨੂੰ ਬਲੈਕ ਲਿਸਟ ਕੀਤਾ ਗਿਆ ਸੀ। ਗਰਗ ਨੇ ਮੰਗ ਕੀਤੀ ਅਲਾਟਮੈਂਟ ਤੋਂ ਪਹਿਲਾਂ ਇਸ ਦੀ ਤਕਨੀਕੀ ਜਾਂਚ ਕੀਤੀ ਜਾਵੇ ਕਿਉਂਕਿ ਦੋਨੋਂ ਕੰਪਨੀਆਂ ਦਾ ਪ੍ਰੋਪਰਾਈਟਰ ਇੱਕ ਹੀ ਹੈ।
ਉਧਰ, ‘ਪ੍ਰੀਕਸ਼ਿਤ ਵਾਟਰ ਐਡਵੈਂਚਰਸ’ ਕੰਪਨੀ ਦੇ ਪ੍ਰੋਪਰਾਈਟਰ ਪੁਨੀਤ ਸੈਣੀ ਨੇ ‘ਬਠਿੰਡਾ ਅਮਿਊਜ਼ਮੈਂਟ ਪਾਰਕ’ ਕੰਪਨੀ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਅਤੇ ਕਿਹਾ ਕਿ ਸਬੰਧਤ ਕੰਪਨੀ ਨੇ ਤਾਂ ਸਿਰਫ 49 ਲੱਖ ਦਾ ਹੀ ਟੈਂਡਰ ਭਰਿਆ ਸੀ ਜਦ ਕਿ ਉਸ ਦਾ ਟੈਂਡਰ 1 ਕਰੋੜ 16 ਲੱਖ ਰੁਪਏ ਦਾ ਹੈ।
ਵਿਭਾਗ ਨੇ ਠੇਕਾ ਅਲਾਟਮੈਂਟ ਨੂੰ ਰੋਕ ਦਿੱਤਾ ਹੈ: ਡੀ ਐੱਫ ਓ
ਡੀ ਐੱਫ ਓ ਅਟਲ ਮਹਾਜਨ ਦਾ ਕਹਿਣਾ ਸੀ ਕਿ ਸ਼ਿਕਾਇਤ ਮਿਲਣ ਮਗਰੋਂ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਠੇਕਾ ਅਲਾਟਮੈਂਟ ਨੂੰ ਰੋਕ ਦਿੱਤਾ ਗਿਆ ਹੈ। ‘ਪ੍ਰੀਕਸ਼ਿਤ ਵਾਟਰ ਐਡਵੈਂਚਰਸ’ ਕੰਪਨੀ ਦੇ ਪ੍ਰੋਪਰਾਈਟਰ ਨੂੰ ਜ਼ਰੂਰੀ ਤਜਰਬਾ ਵੀ ਹੈ ਪਰ ਉਨ੍ਹਾਂ ਇਹ ਵੀ ਮੰਨਿਆ ਕਿ ਇਸ ਦੀ ਪਹਿਲੀ ਕੰਪਨੀ ਨੂੰ ਵਿਭਾਗ ਵੱਲੋਂ ਬਲੈਕ ਲਿਸਟ ਕੀਤਾ ਜਾ ਚੁੱਕਾ ਹੈ।

