ਲਾਰੈਂਸ ਚੌਕ ’ਚ ਲੱਗੇ ਬੋਰਡਾਂ ਨੇ ਅਕਾਲੀ ਦਲ ਤੇ ਭਾਜਪਾ ਦੇ ‘ਗੱਠਜੋੜ’ ਦੀ ਚਰਚਾ ਛੇੜੀ
ਦੋਵਾਂ ਪਾਰਟੀਆਂ ਦੇ ਜ਼ਿਲ੍ਹਾ ਆਗੂਆਂ ਨੇ ਖ਼ੁਦ ਨੂੰ ਮਾਮਲੇ ਤੋਂ ਅਣਜਾਣ ਦੱਸਿਆ; ਸ਼ਾਮ ਵੇਲੇ ਬੋਰਡ ਉਤਰਵਾਏ
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਕਥਿਤ ਸਾਂਝੇ ਤੌਰ ’ਤੇ ਸ਼ਹਿਰ ਵਿੱਚ ਨਵੇਂ ਸਾਲ ਦੀ ਵਧਾਈ ਦਿੰਦੇ ਲੱਗੇ ਵੱਡੇ ਬੋਰਡਾਂ ਨੇ ਲੋਕਾਂ ਵਿੱਚ ਭੁਲੇਖਾ ਪੈਦਾ ਕਰ ਦਿੱਤਾ ਹੈ ਕਿ ਕਿਤੇ ਦੋਵੇਂ ਸਿਆਸੀ ਧਿਰਾਂ ਵਿੱਚ ਮੁੜ ਗੱਠਜੋੜ ਹੋ ਗਿਆ ਹੈ। ਜਾਣਕਾਰੀ ਮੁਤਾਬਕ ਇਹ ਬੋਰਡ ਮਨਸੀਰਤ ਸਿੰਘ ਨਾਂ ਦੇ ਨੌਜਵਾਨ ਦੀ ਤਸਵੀਰ ਨਾਲ ਲਾਏ ਗਏ ਹਨ ਜਿਸ ਵਿੱਚ ਜਿਸ ਵਿੱਚ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਸੁਨੀਲ ਜਾਖੜ, ਤਰੁਣ ਚੁੱਘ, ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੰਸਦ ਮੈਂਬਰ ਹਰਸਿਮਰਤ ਬਾਦਲ ਦੀਆਂ ਤਸਵੀਰਾਂ ਵੀ ਸ਼ਾਮਲ ਹਨ। ਅਜਿਹੇ ਬੋਰਡ ਲਾਰੈਂਸ ਰੋਡ ਚੌਕ ਵਿੱਚ ਦੇਖਣ ਨੂੰ ਮਿਲੇ। ਇਹ ਬੋਰਡ ਲੱਗਣ ਤੋਂ ਬਾਅਦ ਲੋਕਾਂ ਵਿੱਚ ਅਕਾਲੀ-ਭਾਜਪਾ ਗੱਠਜੋੜ ਬਾਰੇ ਚਰਚਾ ਸ਼ੁਰੂ ਹੋ ਗਈ ਹੈ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਜ਼ਿਲ੍ਹਾਂ ਆਗੂਆਂ ਵੱਲੋਂ ਇਸ ਬੋਰਡ ਸਬੰਧੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਗਿਆ ਹੈ। ਉਨ੍ਹਾਂ ਬੋਰਡ ਲਗਵਾਉਣ ਵਾਲੇ ਨੌਜਵਾਨ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ।
ਜਾਣਕਾਰੀ ਮੁਤਾਬਕ ਸ਼ਾਮ ਵੇਲੇ ਇਹ ਬੋਰਡ ਉਤਰਵਾ ਦਿੱਤੇ ਗਏ ਹਨ।
ਦੋਵਾਂ ਧਿਰਾਂ ’ਚ ਗੱਠਜੋੜ ਵਾਲੀ ਕੋਈ ਗੱਲ ਨਹੀਂ: ਪਹਿਲਵਾਨ
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹ ਕਿਸੇ ਨਿੱਜੀ ਸਮਾਗਮ ਵਿੱਚ ਸਨ ਅਤੇ ਉਨ੍ਹਾਂ ਨੂੰ ਬੋਰਡ ਉਤਾਰੇ ਜਾਣ ਸਬੰਧੀ ਇੱਕ ਵੀਡੀਓ ਦੇਖਣ ਨੂੰ ਮਿਲੀ ਹੈ। ਉਨ੍ਹਾਂ ਆਖਿਆ ਕਿ ਦੋਵਾਂ ਸਿਆਸੀ ਧਿਰਾਂ ਵਿਚਾਲੇ ਆਪਸੀ ਗੱਠਜੋੜ ਵਾਲੀ ਫਿਲਹਾਲ ਕੋਈ ਗੱਲ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਕੋਲ ਇਸ ਸਬੰਧੀ ਕੋਈ ਸੂਚਨਾ ਹੈ। ਬੋਰਡ ਲਗਵਾਉਣ ਵਾਲੇ ਨੌਜਵਾਨ ਬਾਰੇ ਵੀ ਉਨ੍ਹਾਂ ਕਿਹਾ ਕਿ ਉਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਪਰ ਉਹ ਕੱਲ ਇਸ ਬਾਰੇ ਪਤਾ ਕਰਨਗੇ ਤੇ ਜੇਕਰ ਉਹ ਅਕਾਲੀ ਦਲ ਦਾ ਕੋਈ ਵਰਕਰ ਹੋਇਆ ਤਾਂ ਉਸ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
ਪੁਲੀਸ ਕਮਿਸ਼ਨਰ ਕੋਲ ਸ਼ਿਕਾਇਤ ਕੀਤੀ: ਸੰਧੂ
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧ ਵਿੱਚ ਪੁਲੀਸ ਕਮਿਸ਼ਨਰ ਕੋਲ ਸ਼ਿਕਾਇਤ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਕਿ ਕਿਸ ਵਿਅਕਤੀ ਦੀ ਪ੍ਰਵਾਨਗੀ ਅਤੇ ਕਿਸ ਵੱਲੋਂ ਅਜਿਹੇ ਬੋਰਡ ਲਾਏ ਗਏ ਹਨ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਅਹੁਦੇਦਾਰਾਂ ਦੀਆਂ ਸਾਂਝੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ। ਉਨ੍ਹਾਂ ਸ਼੍ਰੋੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਗੱਠਜੋੜ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਹੁਣ ਤੱਕ ਅਜਿਹੀ ਕੋਈ ਗੱਲ ਨਹੀਂ ਹੈ। ਉਨ੍ਹਾਂ ਆਖਿਆ ਕਿ ਉਹ ਖੁਦ ਹੈਰਾਨ ਹਨ ਕਿ ਅਜਿਹੇ ਬੋਰਡ ਕਿਸ ਵੱਲੋਂ ਅਤੇ ਕਿਵੇਂ ਲਗਵਾਏ ਗਏ ਹਨ।

