ਪੱਤਰ ਪ੍ਰੇਰਕ
ਅੰਮ੍ਰਿਤਸਰ, 8 ਜੁਲਾਈ
ਭਾਰਤੀ ਜਨਤਾ ਪਾਰਟੀ ਨੇ ਅਕਤੂਬਰ 2018 ਵਿਚ ਅੰਮ੍ਰਿਤਸਰ ਦੇ ਜੌੜਾ ਫਾਟਕ ’ਤੇ ਵਾਪਰੇ ਦਸਹਿਰਾ ਰੇਲ ਹਾਦਸੇ ਦੀ ਹੋਈ ਜਾਂਚ ਨੂੰ ਰੱਦ ਕਰਦਿਆਂ ਕਿਹਾ ਕਿ ਜਾਂਚ ਰਿਪੋਰਟ ਵਿੱਚ ਪ੍ਰਬੰਧਕਾਂ ਨੂੰ ਤਾਂ ਜ਼ਿੰਮੇਵਾਰ ਠਹਿਰਾਇਆ ਹੈ ਪਰ ਦੁਖ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਕਸੂਰਵਾਰਾਂ ਨੂੰ ਬਚਾਅ ਕੇ ਨਿਰਦੋਸ਼ ਛੋਟੇ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸੂਬਾ ਸਕੱਤਰ ਐਡਵੋਕੇਟ ਰਾਜੇਸ਼ ਹਨੀ ਨੇ ਇਥੇ ਇੱਕ ਬਿਆਨ ਵਿੱਚ ਕਿਹਾ ਕਿ ਸੇਵਾਮੁਕਤ ਜੱਜ ਅਮਰਜੀਤ ਸਿੰਘ ਨੇ ਆਪਣੀ ਜਾਂਚ ਵਿਚ ਪੰਜ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਮੁਖ ਦੋਸ਼ੀ ਮਿੱਠੂ ਮਦਾਨ ਅਤੇ ਉਸ ਦੀ ਮਾਤਾ ਵਿਜੈ ਮਦਾਨ ਨੂੰ ਗਵਾਹ ਬਣਾ ਦਿੱਤਾ ਗਿਆ ਹੈ। ਇਹ ਵਰਨਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਵੀ ਕੀਤੀ ਗਈ ਜਾਂਚ ਨੂੰ ਰੱਦ ਕਰ ਚੁੱਕੀ ਹੈ। ਸ੍ਰੀ ਹਨੀ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਾ ਦਿੱਤਾ ਤਾਂ ਸੁਪਰੀਮ ਕੋਰਟ ਵਿਚ ਜਾਣਗੇ।