Beas River Floods: ਬਰਸਾਤ ਦੇ ਨਾਮ ਨਾਲ ਸਹਿਮ ਜਾਂਦੇ ਨੇ ਮੰਡ ਖੇਤਰ ਦੇ ਲੋਕ
ਹੜ੍ਹ ਪੀੜਤਾਂ ਵੱਲੋਂ ਮੁਆਵਜ਼ੇ ਦੀ ਉਡੀਕ; ਸਾਲ ਪਹਿਲਾਂ ਬਰਸਾਤ ਨੇ ਮਚਾੲੀ ਸੀ ਤਬਾਹੀ; ਕੲੀ ਜਣੇ ਹੋਏ ਸਨ ਬੇਘਰ
ਦਰਿਆ ਬਿਆਸ ਦੇ ਹੜ੍ਹ ਨੂੰ ਸਾਲ ਬੀਤ ਗਿਆ, ਪਰ ਮੰਡ-ਬਾਊਪੁਰ ਖੇਤਰ ਦੇ ਲੋਕ ਅੱਜ ਵੀ ਉਸ ਤਬਾਹੀ ਨੂੰ ਭੁੱਲ ਨਹੀਂ ਸਕੇ। ਕਈਆਂ ਦੇ ਘਰ ਪਾਣੀ ’ਚ ਰੁੜ੍ਹ ਗਏ, ਕਿਸੇ ਦੀ ਉਮਰ ਭਰ ਦੀ ਕਮਾਈ ਮਿੱਟੀ ਹੋ ਗਈ। ਸਭ ਤੋਂ ਵੱਡੀ ਗੱਲ ਇਹ ਕਿ ਇੱਕ ਸਾਲ ਬਾਅਦ ਵੀ ਬਹੁਤ ਸਾਰੇ ਪੀੜਤ ਮੁਆਵਜ਼ੇ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ। ਬਰਸਾਤ ਸ਼ੁਰੂ ਹੋਣ ਨਾਲ ਲੋਕਾਂ ਦੇ ਸਿਰ ‘ਤੇ ਫਿਰ ਖ਼ਤਰਾ ਮੰਡਰਾਉਣ ਲੱਗਿਆ ਹੈ।
ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਨੇ ਕਿਹਾ ਕਿ ਸਰਕਾਰ ਨੇ ਘਰਾਂ, ਫ਼ਸਲਾਂ, ਪਸ਼ੂਆਂ ਦੇ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਣ ਦੇ ਵੱਡੇ ਦਾਅਵੇ ਕੀਤੇ ਸਨ, ਪਰ ਜ਼ਮੀਨ ’ਤੇ ਕੁਝ ਨਹੀਂ ਦਿਖਿਆ। ਪ੍ਰਗਟ ਸਿੰਘ, ਬਲਵਿੰਦਰ ਸਿੰਘ, ਮਿਲਖਾ ਸਿੰਘ, ਪਲਵਿੰਦਰ ਸਿੰਘ ਅਤੇ ਗੁਰ ਸਾਹਿਬ ਸਿੰਘ ਸਣੇ ਕਈ ਪਰਿਵਾਰ ਅਜੇ ਵੀ ਘਰਾਂ ਦੇ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ। ਕਈਆਂ ਨੂੰ ਸਿਰਫ਼ ਇੱਕ ਲੱਖ ਰੁਪਏ ਦੇ ਕੇ ਪੱਲਾ ਝਾੜ ਲਿਆ ਗਿਆ।
ਸਭ ਤੋਂ ਦਰਦਨਾਕ ਮਾਮਲਾ ਉਸ ਪਰਿਵਾਰ ਦਾ ਹੈ ਜਿਸ ਦਾ ਘਰ ਬਿਆਸ ਵਿੱਚ ਵਹਿ ਗਿਆ ਸੀ। ਸਰਕਾਰ ਨੇ ਸਿਰਫ਼ ਸਵਾ ਲੱਖ ਦਿੱਤੇ ਜੋ ਨਾਕਾਫ਼ੀ ਸਨ। ਫਿਰ ਸਮਾਜ ਸੇਵੀ ਸੰਸਥਾਵਾਂ ਅਤੇ ਸਰਪੰਚ ਪਰਿਵਾਰ ਨੇ ਜ਼ਮੀਨ ਦੇ ਕੇ ਘਰ ਬਣਾਉਣ ‘ਚ ਮਦਦ ਕੀਤੀ। ਪਰਮਜੀਤ ਸਿੰਘ ਨੇ ਕਿਹਾ ਕਿ ਹਰ ਸਾਲ ਮੰਡ ਹੜ੍ਹ ਝੱਲਦਾ ਹੈ ਪਰ ਡਰੇਨਾਂ ਦੀ ਸਫ਼ਾਈ ਅਤੇ ਬੰਨ੍ਹਾਂ ਦੀ ਮੁਰੰਮਤ ਸਮੇਂ ਸਿਰ ਨਹੀਂ ਹੁੰਦੀ। ਉਨ੍ਹਾਂ ਮੰਗ ਕੀਤੀ ਕਿ ਬਾਕੀ ਮੁਆਵਜ਼ਾ ਤੁਰੰਤ ਦਿੱਤਾ ਜਾਵੇ, ਪੱਕੇ ਮੁੜ ਵਸੇਬੇ ਲਈ ਪੈਕੇਜ ਦਿੱਤਾ ਜਾਵੇ ਅਤੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇ।

