ਵਾਰਡ 18 ਦੇ ਪੋਲਿੰਗ ਬੂਥਾਂ ’ਚੋਂ ਬੈਲੇਟ ਪੇਪਰ ਖੋਹੇ
ਨਗਰ ਕੌਂਸਲ ਪੱਟੀ ਦੇ 19 ਵਾਰਡਾਂ ਦੇ 38 ਪੋਲਿੰਗ ਬੂਥਾਂ ’ਤੇ ਸ਼ਾਮ 5 ਵਜੇ ਤੱਕ 59.56 ਫੀਸਦੀ ਵੋਟਿੰਗ ਹੋਈ। ਜਾਣਕਾਰੀ ਅਨੁਸਾਰ ਵਾਰਡ ਨੰਬਰ 17 ਵਿੱਚ ਸਭ ਤੋਂ ਵੱਧ 66.55 ਫੀਸਦੀ ਵੋਟਿੰਗ ਹੋਈ ਤੇ ਵਾਰਡ ਨੰਬਰ 18 ਵਿੱਚ ਸਭ ਤੋਂ ਘੱਟ...
ਨਗਰ ਕੌਂਸਲ ਪੱਟੀ ਦੇ 19 ਵਾਰਡਾਂ ਦੇ 38 ਪੋਲਿੰਗ ਬੂਥਾਂ ’ਤੇ ਸ਼ਾਮ 5 ਵਜੇ ਤੱਕ 59.56 ਫੀਸਦੀ ਵੋਟਿੰਗ ਹੋਈ। ਜਾਣਕਾਰੀ ਅਨੁਸਾਰ ਵਾਰਡ ਨੰਬਰ 17 ਵਿੱਚ ਸਭ ਤੋਂ ਵੱਧ 66.55 ਫੀਸਦੀ ਵੋਟਿੰਗ ਹੋਈ ਤੇ ਵਾਰਡ ਨੰਬਰ 18 ਵਿੱਚ ਸਭ ਤੋਂ ਘੱਟ 47.45 ਫੀਸਦੀ ਵੋਟਿੰਗ ਹੋਈ ਹੈ। ਪੱਟੀ ਸ਼ਹਿਰ ਅੰਦਰ ਸਵੇਰ ਵੇਲੇ ਵੋਟ ਪ੍ਰਕਿਰਿਆਂ ਸ਼ੁਰੂ ਹੁੰਦਿਆਂ ਹੀ ਵਾਰਡ ਨੰਬਰ 18 ਨਾਲ ਸਬੰਧਤ ਸੀਨੀਅਰ ਸੈਕੰਡਰੀ ਸਕੂਲ ਲੜਕੇ ਪੱਟੀ ਦੇ ਬੂਥ ਨੰਬਰ 35 ਤੇ 36 ਦੇ ਪੋਲਿੰਗ ਬੂਥਾਂ ਅੰਦਰੋਂ ਕੁਝ ਲੋਕਾਂ ਵੱਲੋਂ ਬੈਲੇਟ ਪੇਪਰ ਖੋਹਣ ਦੀ ਘਟਨਾ ਸਾਹਮਣੇ ਆਈ ਹੈ। ਪੋਲਿੰਗ ਸਟਾਫ਼ ਮੁਲਾਜ਼ਮਾਂ ਵੱਲੋਂ ਕੁਝ ਸਮੇਂ ਲਈ ਇਨ੍ਹਾਂ ਪੋਲਿੰਗ ਬੂਥਾਂ ਉੱਪਰ ਵੋਟਾਂ ਪਾਉਣ ਦਾ ਕੰਮ ਰੋਕ ਦਿੱਤਾ ਗਿਆ ਜੋ ਦੁਪਹਿਰ ਵੇਲੇ ਫਿਰ ਸ਼ੁਰੂ ਹੋਇਆ। ਇਸ ਘਟਨਾ ਮੌਕੇ ਇੱਕ ਪੱਤਰਕਾਰ ਦਾ ਫੋਨ ਵੀ ਖੋਹਿਆ ਗਿਆ ਹੈ। ਐੱਸ ਡੀ ਐੱਮ ਪੱਟੀ ਅਮਨਦੀਪ ਨੇ ਦੱਸਿਆ ਕਿ ਵਾਰਡ ਨੰਬਰ 18 ਦੇ ਬੂਥ ਨੰਬਰ 35 ਤੇ 36 ਉੱਪਰ ਵਾਪਰੀ ਘਟਨਾ ਸਬੰਧੀ ਵੱਲੋਂ ਸੀਨੀਅਰ ਅਥਾਰਟੀ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਅਗਲੇ ਹੁਕਮਾਂ ਆਉਣ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ। ਦੁਪਹਿਰ ਵੇਲੇ ਵਾਰਡ ਨੰਬਰ 15 ਨਾਲ ਸਬੰਧਤ ਡੀ ਏ ਵੀ ਸਕੂਲ ਦੇ ਪੋਲਿੰਗ ਬੂਥਾਂ ਦੇ ਗੇਟ ਤੋਂ ਬਾਹਰ ‘ਆਪ’ ਉਮੀਦਵਾਰ ਤੇ ਉਸ ਦੇ ਸਮਰਥਕਾਂ ਵੱਲੋਂ ਕਾਂਗਰਸ ਦੇ ਉਮੀਦਵਾਰ ਦੇ ਪਤੀ ਰਾਜ ਕੁਮਾਰ ਦੀ ਕੁੱਟਮਾਰ ਕੀਤੀ ਗਈ। ਬਾਅਦ ਦੁਪਹਿਰ ਵਾਰਡ ਨੰਬਰ 16 ਨਾਲ ਸਬੰਧਤ ਆਈ ਟੀ ਆਈ ਦੇ ਪੋਲਿੰਗ ਬੂਥ ਨੰਬਰ 31 ਤੇ 32 ’ਤੇ ਜਾਅਲੀ ਵੋਟਾਂ ਪਾਉਣ ਨੂੰ ਲੈ ਕੇ ਕਾਂਗਰਸੀ ਅਤੇ ‘ਆਪ’ ਉਮੀਦਵਾਰ ਵਿਚਾਲੇ ਤਕਰਾਰਬਾਜ਼ੀ ਹੋਈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ।

