Baljit Kaur Receives Grand Welcome: ਹਾਕੀ ਖਿਡਾਰਨ ਬਲਜੀਤ ਕੌਰ ਦਾ ਨਿੱਘਾ ਸਵਾਗਤ
ਭਾਰਤੀ ਮਹਿਲਾ ਹਾਕੀ ਟੀਮ ’ਚ ਸ਼ਾਨਦਾਰ ਕਾਰਗੁਜ਼ਾਰੀ ਲਈ ਸ਼ਲਾਘਾ
ਭਾਰਤੀ ਮਹਿਲਾ ਹਾਕੀ ਟੀਮ ਦੀ ਮੈਂਬਰ ਬਲਜੀਤ ਕੌਰ ਦਾ ਆਪਣੇ ਜੱਦੀ ਪਿੰਡ ਕੱਕਾ ਕੰਡਿਆਲਾ ਪੁੱਜਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਬਲਜੀਤ ਕੌਰ ਦੇਸ਼ ਦੀ ਮਹਿਲਾ ਹਾਕੀ ਟੀਮ ਦੀ ਮੈਂਬਰ ਸੀ ਜਿਸਨੇ ਚੀਨ ਦੀ ਟੀਮ ਨੂੰ ਜਪਾਨ ਵਿੱਚ ਹੋਏ ਮੁਕਾਬਲੇ ਵਿੱਚ ਇੱਕ-ਸਿਫ਼ਰ ਦੇ ਫ਼ਰਕ ਨਾਲ ਹਰਾਇਆ ਹੈ। ਉਸਦੇ ਸਵਾਗਤ ਲਈ ਬੀਤੇ ਦਿਨ ਤੋਂ ਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਜ਼ਿਲ੍ਹਾ ਖੇਡ ਅਧਿਕਾਰੀ ਸਤਵੰਤ ਕੌਰ ਦੀ ਅਗਵਾਈ ਹੇਠ ਉਸ ਦੇ ਕੋਚ ਸ਼ਰਨਜੀਤ ਸਿੰਘ ਅਤੇ ਦਵਿੰਦਰ ਸਿੰਘ ਸਮੇਤ ਪਿੰਡ ਦੀ ਪੰਚਾਇਤ ਨੇ ਉਸ ਦਾ ਸਵਾਗਤ ਕੀਤਾ ਅਤੇ ਕਾਫ਼ਲੇ ਦੀ ਸ਼ਕਲ ਵਿੱਚ ਉਸ ਨੂੰ ਉਸ ਦੇ ਪਿੰਡ ਕੱਕਾ ਕੰਡਿਆਲਾ ਲਿਆਂਦਾ ਗਿਆ। ਰਸਤੇ ਵਿੱਚ ਉਸਦਾ ਲੋਕਾਂ ਵੱਲੋਂ ਥਾਂ-ਥਾਂ ’ਤੇ ਭਰਵਾਂ ਸਵਾਗਤ ਕੀਤਾ ਗਿਆ। ਜਿਵੇਂ ਹੀ ਉਸ ਨੇ ਆਪਣੇ ਪਿੰਡ ਕੱਕਾ ਕੰਡਿਆਲਾ ਵਿੱਚ ਪੈਰ ਧਰਿਆ ਤਾਂ ਚਾਰ ਚੁਫੇਰਿਓਂ ਉਸ ਨੂੰ ਅਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਸੀ।
ਤਰਨ ਤਰਨ ਤੋਂ ਐੱਮ ਐੱਲ ਏ ਹਰਮੀਤ ਸਿੰਘ ਸੰਧੂ ਉਚੇਚੇ ਤੌਰ ’ਤੇ ਖਿਡਾਰਨ ਬਲਜੀਤ ਕੌਰ ਦਾ ਸਵਾਗਤ ਕਰਨ ਲਈ ਪੁੱਜੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਐਲਾਨ ਅਨੁਸਾਰ ਉਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਜਦਕਿ ਉਸ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਕਰੋੜ ਰੁਪਏ ਦੇਣ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਸਧਾਰਨ ਪਰਿਵਾਰ ਵਿੱਚ ਜਨਮੀ ਬਲਜੀਤ ਕੌਰ ਅੱਜ ਦੁਨੀਆ ਭਰ ਅੰਦਰ ਵਿਸ਼ੇਸ਼ ਸਥਾਨ ਪ੍ਰਾਪਤ ਕਰ ਚੁੱਕੀ ਹੈ। ਉਸ ਦੇ ਪਿਤਾ ਲਖਵਿੰਦਰ ਸਿੰਘ ਰਾਜ ਮਿਸਤਰੀ ਹਨ ਜਦਕਿ ਉਸ ਦਾ ਵੱਡਾ ਭਰਾ ਟੈਕਸੀ ਚਾਲਕ ਅਤੇ ਛੋਟਾ ਭਰਾ ਇਟਲੀ ਵਿੱਚ ਰਹਿੰਦਾ ਹੈ। ਉਸ ਦੀ ਮਾਤਾ ਘਰੇਲੂ ਔਰਤ ਹੈ। ਪਰਿਵਾਰ ਕੋਲ ਆਮਦਨ ਦੇ ਸੀਮਤ ਸਾਧਨ ਹੋਣ ਦੇ ਬਾਵਜੂਦ ਉਨ੍ਹਾਂ ਉਸਦੀ ਖੇਡ ਰੁਚੀ ਨੂੰ ਹੌਸਲਾ ਦੇਣ ਲਈ ਆਪਣੇ ਸਾਰੇ ਹੀਲੇ ਜੁਟਾਏ।
ਸ਼ੁਰੂ ਤੋਂ ਹਾਕੀ ਨੂੰ ਪਿਆਰ ਕਰਦੀ ਸੀ ਬਲਜੀਤ: ਕੋਚ
ਬਲਜੀਤ ਕੌਰ ਦੇ ਕੋਚ ਸ਼ਰਨਜੀਤ ਸਿੰਘ ਨੇ ਕਿਹਾ ਕਿ ਬਲਜੀਤ ਕੌਰ ਸ਼ੁਰੂ ਤੋਂ ਹੀ ਹਾਕੀ ਨਾਲ ਪਿਆਰ ਕਰਦੀ ਸੀ ਅਤੇ ਉਸ ਨੂੰ ਸਮਝਾਏ ਜਾਣ ਵਾਲੇ ਗੁਰ ਉਹ ਛੇਤੀ ਗ੍ਰਹਿਣ ਕਰ ਲੈਂਦੀ ਸੀ ਜਿਸ ਨੇ ਉਸ ਦੀ ਪ੍ਰਤਿਭਾ ਨੂੰ ਛੇਤੀ ਨਿਖਾਰਨ ਵਿੱਚ ਮਦਦ ਕੀਤੀ। ਬਲਜੀਤ ਕੌਰ ਨੇ ਅਜੇ ਓਲੰਪਿਕ ਖੇਡਾਂ ਵਿੱਚ ਵੀ ਭਾਗ ਲੈਣਾ ਹੈ।

