Auto Rickshaw Accident: ਆਟੋ ਦੀ ਅਣਪਛਾਤੇ ਵਾਹਨ ਨਾਲ ਟੱਕਰ, ਤਿੰਨ ਹਲਾਕ
ਹਾਦਸੇ ਵਿੱਚ ਕੲੀ ਜ਼ਖ਼ਮੀ; ਪੁਲੀਸ ਵੱਲੋਂ ਕਾਰਵਾੲੀ ਸ਼ੁਰੂ
ਕਮਾਲਪੁਰ ਗੇਟ ਨੇੜੇ ਨੈਸ਼ਨਲ ਹਾਈਵੇਅ ’ਤੇ ਆਟੋ ਦੀ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ। ਇਸ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਆਟੋ ਵਿੱਚ ਕਰੀਬ 10 ਤੋਂ 12 ਮਜ਼ਦੂਰ ਸਵਾਰ ਸਨ, ਜੋ ਲੁਧਿਆਣਾ ਤੋਂ ਜਲੰਧਰ ਵੱਲ ਕੰਮ ਲਈ ਜਾ ਰਹੇ ਸਨ। ਹਾਦਸੇ ਦੌਰਾਨ ਆਟੋ ਸਵਾਰ ਕਈ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖ਼ਲ ਕਰਵਾਇਆ ਗਿਆ। ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾਂ ਦੀਆਂ ਦੇਹਾਂ ਨੂੰ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ। ਪੁਲੀਸ ਵੱਲੋਂ ਮਾਮਲੇ ਸਬੰਧੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਕਾਰ ਤੇ ਮੋਟਰਸਾਈਕਲ ਦੀ ਟੱਕਰ, ਨੌਜਵਾਨ ਹਲਾਕ
ਟਾਂਡਾ (ਪੱਤਰ ਪ੍ਰੇਰਕ): ਇਥੋਂ ਨੇੜਲੇ ਅੱਡਾ ਸਰਾਂ ਤੋਂ ਖੁੱਡਾ ਨੂੰ ਜਾਂਦੀ ਸੜਕ ’ਤੇ ਪਿੰਡ ਖੁਣਖੁਣ ਕਲਾਂ ਨੇੜੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ ਵਿੱਚ ਕਾਰ ਅਤੇ ਮੋਟਰਸਾਈਕਲ ਦੀ ਹੋਈ ਟੱਕਰ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਾਜਨ (32) ਪੁੱਤਰ ਬਚਿੱਤਰ ਸਿੰਘ ਵਾਸੀ ਪਿੰਡ ਨੰਗਲ ਖੁੰਗਾ ਵਜੋਂ ਹੋਈ। ਇਹ ਹਾਦਸਾ ਸਵੇਰੇ ਕਰੀਬ 8 ਵਜੇ ਉਸ ਸਮੇਂ ਵਾਪਰਿਆ ਜਦੋਂ ਸਾਜਨ ਪਿੰਡ ਨੰਗਲ ਖੁੰਗਾ ਤੋਂ ਦਸੂਹਾ ਜਾ ਰਿਹਾ ਸੀ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟਾਂਡਾ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਹਾਦਸਾ ਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੜਕ ਹਾਦਸੇ ਵਿੱਚ ਕਿਸਾਨ ਦੀ ਮੌਤ
ਤਰਨ ਤਾਰਨ (ਪੱਤਰ ਪ੍ਰੇਰਕ): ਅੰਮ੍ਰਿਤਸਰ-ਖੇਮਕਰਨ ਸੜਕ ’ਤੇ ਬੀਤੇ ਦਿਨੀਂ ਬਾਬਾ ਬੁੱਢਾ ਸਾਹਿਬ ਠੱਟਾ ਦੇ ਮੋੜ ਨੇੜੇ ਹੋਏ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਿਸਾਨ ਮੋਹਕਮ ਸਿੰਘ (65) ਵਾਸੀ ਚੀਮਾ ਖੁਰਦ ਥਾਣਾ ਸਰਾਏ ਅਮਾਨਤ ਖਾਂ ਵਜੋਂ ਹੋਈ। ਕਿਸਾਨ ਆਪਣੇ ਪਿੰਡ ਤੋਂ ਬਾਸਮਤੀ ਦੀ ਜਿਣਸ ਲੈ ਕੇ ਟਰੈਕਟਰ-ਟਰਾਲੀ ਉੱਪਰ ਅੰਮ੍ਰਿਤਸਰ ਦੀ ਮੰਡੀ ਨੂੰ ਜਾ ਰਿਹਾ ਸੀ ਜਿਵੇਂ ਹੀ ਉਹ ਗੇਟ ਬੀੜ ਬਾਬਾ ਬੁੱਢਾ ਸਾਹਿਬ ਠੱਟਾ ਨੇੜੇ ਪੁੱਜਿਆ ਤਾਂ ਤੇਜ਼ ਰਫਤਾਰ ਕੈਂਟਰ 1110 ਨੰਬਰੀ ਪੀ ਬੀ 08- ਬੀ ਐੱਫ-5482 ਨੇ ਪਿੱਛੋਂ ਟੱਕਰ ਮਾਰ ਦਿੱਤੀ। ਇਸ ਨਾਲ ਟਰੈਕਟਰ ਟਰਾਲੀ ਸੜਕ ’ਤੇ ਪਲਟ ਗਈ। ਕਿਸਾਨ ਮੋਹਕਮ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕੈਂਟਰ ਨੂੰ ਰਹਿਮਤ ਅਲੀ ਵਾਸੀ ਹਾਲ ਭਾਰਤ ਨਗਰ, ਗਲੀ ਨੰਬਰ ਤਿੰਨ ਚੁਗੀਠੀ ਜਲੰਧਰ ਚਲਾ ਰਿਹਾ ਸੀ। ਝਬਾਲ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਝਬਾਲ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।

