ਪਿੰਡ ਮਹਿੰਦਵਾਣੀ ਵਿੱਚ ਲੰਘੇ ਦਿਨੀਂ ਹੋਏ ਅੰਨ੍ਹੇ ਕਤਲ ਨੂੰ ਟਰੇਸ ਕਰਦਿਆਂ ਪੁਲੀਸ ਨੇ ਮੁਲਜ਼ਮ ਰਾਕੇਸ਼ ਕੁਮਾਰ ਵਾਸੀ ਮਹਿੰਦਵਾਣੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ 3 ਦਿਨ ਦਾ ਪੁਲੀਸ ਰਿਮਾਂਡ ਲੈ ਕੇ ਵਾਰਦਾਤ ਵਿੱਚ ਵਰਤਿਆ 32 ਬੋਰ ਪਿਸਤੌਲ, 3 ਕਾਰਤੂਸ ਅਤੇ ਦਾਤਰ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ 7 ਫਰਵਰੀ ਨੂੰ ਰਚਨਾ (60) ਵਾਸੀ ਮਹਿੰਦਵਾਣੀ ਦਾ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀ ਵੱਲੋਂ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਸਬੰਧੀ ਥਾਣਾ ਗੜ੍ਹਸ਼ੰਕਰ ਵਿੱਚ ਕੇਸ ਦਰਜ ਕਰਕੇ ਤਫਤੀਸ਼ ਆਰੰਭ ਦਿੱਤੀ ਗਈ ਸੀ। ਇਸ ਸਬੰਧੀ ਡੀ ਐੱਸ ਪੀ ਦਲਜੀਤ ਸਿੰਘ ਖੱਖ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਗਈ। ਇਸ ਟੀਮ ਨੇ ਇਸ ਅੰਨ੍ਹੇ ਕਤਲ ਨੂੰ ਟਰੇਸ ਕੀਤਾ। ਐੱਸ ਐੱਸ ਪੀ ਸੰਦੀਪ ਮਲਿਕ ਨੇ ਦੱਸਿਆ ਕਿ ਪੁੱਛ ਪੜਤਾਲ ਦੌਰਾਨ ਮੁਲਜ਼ਮ ਰਾਕੇਸ਼ ਕੁਮਾਰ ਨੇ ਮੰਨਿਆ ਕਿ ਉਹ ਰੇਡੀਮੇਡ ਕੱਪੜੇ ਦੀ ਪਿੰਡ ਗੋਂਦਪੁਰ ਹਿਮਾਚਲ ਪ੍ਰਦੇਸ਼ ਵਿੱਚ ਦੁਕਾਨ ਕਰਦਾ ਸੀ। ਉਸ ਦੇ ਪਿਤਾ ਰੋਸ਼ਨ ਲਾਲ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ। ਰਾਕੇਸ਼ ਕੁਮਾਰ ਨੂੰ ਪੂਰਾ ਸ਼ੱਕ ਸੀ ਕਿ ਉਸ ਦੀ ਚਾਚੀ ਰਚਨਾ (ਮ੍ਰਿਤਕਾ) ਵੱਲੋਂ ਉਸ ਦੇ ਘਰ ਕਾਲਾ ਜਾਦੂ ਟੂਣਾ ਕੀਤਾ ਹੈ ਜਿਸ ਕਰਕੇ ਉਸ ਦੇ ਪਿਤਾ ਦੀ ਮੌਤ ਹੋਈ ਹੈ ਅਤੇ ਉਸ ਦੀ ਕੱਪੜੇ ਦੀ ਦੁਕਾਨ ਵੀ ਨਹੀ ਚੱਲ ਰਹੀ ਸੀ। ਇਸ ਕਾਰਨ ਉਸ ਨੇ ਆਪਣੀ ਚਾਚੀ ਨੂੰ ਜਾਨ ਤੋਂ ਮਾਰਨ ਦੀ ਵਿਉਂਤ ਬਣਾਈ। ਮੁਲਜ਼ਮ ਨੇ ਆਪਣੀ ਨਿੱਜੀ ਕਾਰ ’ਤੇ ਆਪਣੀ ਘਰਵਾਲੀ ਤੇ ਬੱਚਿਆ ਨੂੰ ਦੋ ਦਿਨ ਪਹਿਲਾਂ ਸਹੁਰੇ ਪਿੰਡ ਮੈਲੀ ਛੱਡ ਦਿੱਤਾ। ਆਪਣੀ ਕਾਰ ਖਰਾਬ ਹੋਣ ਦਾ ਬਹਾਨਾ ਲਗਾ ਕੇ ਇੱਕ ਢਾਬੇ ਵਾਲੇ ਕੋਲ ਪਿੰਡ ਗੋਂਦਪੁਰ ਦੇ ਮਾਲਕ ਕਰਮ ਚੰਦ ਕੋਲ ਛੱਡ ਕੇ ਉਸ ਦਾ ਮੋਟਰਸਾਈਕਲ ਮੰਗ ਕੇ ਆਪਣੇ ਘਰ ਆ ਗਿਆ। ਅਗਲੇ ਦਿਨ ਉਸ ਨੇ ਤੜਕਸਾਰ ਮੂੰਹ ਬੰਨ੍ਹ ਕੇ ਉਸ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਰੀਬ ਸਵਾ 5 ਵਜੇ ਸਵੇਰੇ ਕੁਟੀਆ ਵਾਲੇ ਰਸਤੇ ’ਚ ਉਸ ਦੇ ਪਿਸਤੌਲ ਨਾਲ 3 ਗੋਲੀਆ ਮਾਰ ਕੇ ਉਸ ਦਾ ਕਤਲ ਕਰ ਦਿੱਤਾ।

