Anti Encroachment Drive: ਵੀਡੀਓ ਵਾਇਰਲ ਹੋਣ ’ਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ
ਨਿਗਮ ਅਧਿਕਾਰੀਆਂ ਨੇ ਲੋਕਾਂ ਤੋਂ ਸਹਿਯੋਗ ਮੰਗਿਆ
ਸ਼ਹਿਰ ਦੇ ਦੋ ਸਥਾਨਾਂ ’ਤੇ ਨਾਜਾਇਜ਼ ਕਬਜ਼ਿਆਂ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਨਗਰ ਨਿਗਮ ਅੰਮ੍ਰਿਤਸਰ (ਐੱਮ ਸੀ ਏ) ਵੱਲੋਂ ਤੁਰੰਤ ਕਾਰਵਾਈ ਕੀਤੀ ਗਈ। ਲਾਰੈਂਸ ਰੋਡ ’ਤੇ ਗੰਨੇ ਦੇ ਰਸ ਦੀ ਰੇਹੜੀ ਲਗਾਉਣ ਵਾਲੇ ਇੱਕ ਵਿਅਕਤੀ ਵਿਰੁੱਧ ਜਨਤਕ ਸੜਕ ’ਤੇ ਕਥਿਤ ਤੌਰ ’ਤੇ ਨਾਜਾਇਜ਼ ਸ਼ਰਾਬ ਪਰੋਸਣ ਅਤੇ ਹੰਗਾਮਾ ਕਰਨ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਗਈ। ਇਸੇ ਤਰ੍ਹਾਂ ਜੀ ਟੀ ਰੋਡ ’ਤੇ ਅਲਫ਼ਾ ਵਨ ਮਾਲ ਦੇ ਨੇੜੇ ਰਿਹਾਇਸ਼ੀ ਇਲਾਕਿਆਂ ਦੇ ਬਾਹਰ ਨਾਜਾਇਜ਼ ਤੌਰ ’ਤੇ ਝੁੱਗੀਆਂ ਬਣਾਉਣ ਦੇ ਮਾਮਲੇ ਵਿੱਚ ਵੀ ਕਾਰਵਾਈ ਕੀਤੀ ਗਈ।
ਇਹ ਕਾਰਵਾਈ ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਕਮਿਸ਼ਨਰ ਡਾ. ਜੈ ਇੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ, ਸਕੱਤਰ-ਕਮ-ਅਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਤੇ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ। ਇਸ ਕਾਰਵਾਈ ਵਿੱਚ ਇੰਸਪੈਕਟਰ ਸ੍ਰੀਮਤੀ ਪ੍ਰੀਤੀ ਚੌਹਾਨ ਅਤੇ ਅਮਨ ਕੁਮਾਰ ਸਮੇਤ ਟੀਮ ਸ਼ਾਮਲ ਰਹੀ। ਇਸ ਮੌਕੇ ਅਧਿਕਾਰੀਆਂ ਵੱਲੋਂ ਸਾਰੇ ਰੇਹੜੀ-ਫੜ੍ਹੀ ਚਾਲਕਾਂ, ਦੁਕਾਨਦਾਰਾਂ, ਕਬਜ਼ਾਧਾਰੀਆਂ ਅਤੇ ਨਾਜਾਇਜ਼ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਕਿਸੇ ਨੂੰ ਵੀ ਜਨਤਕ ਸੜਕਾਂ ਦੀ ਦੁਰਵਰਤੋਂ ਕਰਨ ਜਾਂ ਜਨਤਕ ਥਾਵਾਂ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਪ੍ਰਸ਼ਾਸਨ ਦਾ ਸਹਿਯੋਗ ਕਰਨ, ਜਨਤਕ ਥਾਵਾਂ ’ਤੇ ਨਾਜਾਇਜ਼ ਕਬਜ਼ੇ ਕਰਨ ਤੋਂ ਗੁਰੇਜ਼ ਕਰਨ ਅਤੇ ਅਜਿਹੀਆਂ ਉਲੰਘਣਾਵਾਂ ਬਾਰੇ ਸਬੰਧਤ ਮਾਧਿਅਮਾਂ ਰਾਹੀਂ ਨਿਗਮ ਨੂੰ ਸੂਚਿਤ ਕਰਨ।

