ਆਂਗਣਵਾੜੀ ਮੁਲਾਜ਼ਮਾਂ ਵੱਲੋਂ ਕਟਾਰੂਚੱਕ ਦੇ ਘਰ ਅੱਗੇ ਨਾਅਰੇਬਾਜ਼ੀ
ਪਠਾਨਕੋਟ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੀਆਂ ਆਂਗਣਵਾਡ਼ੀ ਵਰਕਰਾਂ ਅਤੇ ਹੈਲਪਰਾਂ ਨੇ ਭਾਗ ਲਿਆ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਆਸ਼ਾ ਰਾਣੀ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਘਰ ਅੱਗੇ ਮੁਜ਼ਾਹਰਾ ਗਿਆ ਜਿਸ ਵਿੱਚ ਜ਼ਿਲ੍ਹਾ ਪਠਾਨਕੋਟ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਭਾਗ ਲਿਆ। ਧਰਨੇ ਨੂੰ ਯੂਨੀਅਨ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ, ਹੁਸ਼ਿਆਰਪੁਰ ਦੀ ਪ੍ਰਧਾਨ ਹਰਵਿੰਦਰ ਕੌਰ, ਗੁਰਦਾਸਪੁਰ ਦੀ ਪ੍ਰਧਾਨ ਨਿਰਮਲ ਕੌਰ, ਬਟਾਲਾ ਤੋਂ ਇੰਦਰਜੀਤ ਕੌਰ ਤੇ ਰਣਜੀਤ ਕੌਰ, ਭੂੰਗਾ ਤੋਂ ਸੁਖਵਰਸ਼ਾ ਰਾਣੀ ਦਸੂਹਾ ਤੋਂ ਸਰਬਜੀਤ ਕੌਰ ਤੇ ਬਲਵਿੰਦਰ ਕੌਰ, ਨਰੇਸ਼ ਕੁਮਾਰੀ ਨਰੋਟ, ਸੁਨੀਤਾ ਦੇਵੀ ਬਮਿਆਲ, ਸਰਬਜੀਤ ਕੌਰ ਸ਼੍ਰੀਹਰਗੋਬਿੰਦਪੁਰ ਤੇ ਜਸਬੀਰ ਕੌਰ ਡੇਰਾ ਬਾਬਾ ਨਾਨਕ ਨੇ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨੂੰ ਇੱਕ ਕਿਲੋਮੀਟਰ ਪਿੱਛੇ ਹੀ ਰੋਕ ਲਿਆ ਗਿਆ ਪਰ ਪੁਲੀਸ ਦੀਆਂ ਰੋਕਾਂ ਤੋੜ ਕੇ ਆਂਗਣਵਾੜੀ ਯੂਨੀਅਨ ਵਰਕਰਾਂ ਅੱਗੇ ਵਧ ਗਈਆਂ ਅਤੇ ਕੋਠੀ ਦੇ ਸਾਹਮਣੇ ਪੁੱਜ ਗਈਆਂ। ਉਨ੍ਹਾਂ ਦੀ ਇੱਥੇ ਕੈਬਨਿਟ ਮੰਤਰੀ ਦੀ ਪਤਨੀ ਨਾਲ ਨੋਕ-ਝੋਕ ਵੀ ਹੋਈ ਅਤੇ ਬਾਅਦ ਵਿੱਚ ਉਨ੍ਹਾਂ ਮੰਗ ਪੱਤਰ ਦਿੱਤਾ। ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ‘ਆਪ’ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ ’ਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣਭੱਤਾ ਦੁੱਗਣਾ ਕੀਤਾ ਜਾਵੇਗਾ ਪਰ ਸਰਕਾਰ ਨੂੰ ਆਏ ਸਾਢੇ ਚਾਰ ਸਾਲ ਦਾ ਸਮਾਂ ਹੋ ਗਿਆ ਹੈ ਅਜੇ ਤੱਕ ਉਨ੍ਹਾਂ ਦੀ ਮੰਗ ਵੱਲ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ।

