ਐਨ.ਪੀ.ਧਵਨ
ਪਠਾਨਕੋਟ, 18 ਸਤੰਬਰ
ਥਾਣਾ ਨੰਗਲਭੂਰ ਅਧੀਨ ਪੈਂਦੀ ਪਲਾਈ ਫੈਕਟਰੀ ਵਿੱਚ ਇੱਕ ਵਿਅਕਤੀ ਨੇ 8 ਸਾਲ ਦੀ ਬੱਚੀ ਨਾਲ ਜਬਰ ਜਨਾਹ ਕੀਤਾ। ਬੱਚੀ ਦੀ ਤਬੀਅਤ ਵਿਗੜਨ ’ਤੇ ਉਸ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਬੱਚੀ ਦੀ ਮਾਂ ਨੇ ਪੁਲੀਸ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ ਅਤੇ ਪੁਲੀਸ ਨੇ ਮੁਲਜ਼ਮ ਉਪਰ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਥਾਣਾ ਨੰਗਲ ਭੂਰ ਦੇ ਮੁਖੀ ਸ਼ੋਹਰਤ ਮਾਨ ਨੇ ਦੱਸਿਆ ਕਿ ਪੱਛਮੀ ਬੰਗਾਲ ਦੀ ਵਾਸੀ ਔਰਤ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਕਿ 15 ਸਤੰਬਰ ਨੂੰ ਉਸ ਦੀ 8 ਸਾਲਾ ਬੇਟੀ ਦੀ ਤਬੀਅਤ ਵਿਗੜ ਗਈ ਪਰ ਬੱਚੀ ਨੇ ਉਨ੍ਹਾਂ ਨੂੰ ਕੁਝ ਨਾ ਦੱਸਿਆ। ਇਸ ਦੇ ਚਲਦੇ ਉਹ ਉਸ ਦੀ ਦਵਾਈ ਲੈਣ ਲਈ ਡਾਕਟਰ ਕੋਲ ਗਈ। ਡਾਕਟਰ ਨੇ ਬੱਚੀ ਨੂੰ ਦਵਾਈ ਦੇ ਦਿੱਤੀ ਪਰ ਬੱਚੀ ਦੀ ਤਬੀਅਤ ਵਿੱਚ ਕੋਈ ਸੁਧਾਰ ਨਾ ਆਇਆ। ਇਸ ਤੋਂ ਬਾਅਦ 17 ਸਤੰਬਰ ਨੂੰ ਬੱਚੀ ਨੇ ਦੱਸਿਆ ਕਿ ਪਲਾਈ ਫੈਕਟਰੀ ਵਿੱਚ ਹੀ ਕੰਮ ਕਰਨ ਵਾਲੇ ਪੱਛਮੀ ਬੰਗਾਲ ਦੇ ਛਤਰਪੁਰ ਵਾਸੀ ਰਾਜੂ (21) ਨੇ 13 ਸਤੰਬਰ ਦੀ ਦੁਪਹਿਰ ਨੂੰ ਉਸ ਦੀ ਬੇਟੀ ਨਾਲ ਜਬਰਦਸਤੀ ਕੀਤੀ ਸੀ ਅਤੇ ਉਸ ਨੇ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਇਸ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ ਤਾਂ ਉਹ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਵੇਗਾ। ਔਰਤ ਨੇ ਬਿਆਨ ਵਿੱਚ ਲਿਖਵਾਇਆ ਕਿ ਬੱਚੀ ਡਰ ਦੇ ਮਾਰੇ ਪਰਿਵਾਰ ਨੂੰ ਜਾਣਕਾਰੀ ਨਹੀਂ ਦੇ ਸਕੀ ਸੀ। ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਖਿਲਾਫ ਜਬਰ-ਜਨਾਹ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਮੁਲਜ਼ਮ ਰਾਜੂ ਨੂੰ ਅੱਜ ਪੁਲੀਸ ਵੱਲੋਂ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਮੁਲਜ਼ਮ ਦਾ ਇੱਕ ਦਿਨ ਦਾ ਪੁਲੀਸ ਰਿਮਾਂਡ ਦੇ ਦਿੱਤਾ ਗਿਆ ਹੈ।