ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਜੁਲਾਈ
ਕਰੋਨਾ ਮਹਾਮਾਰੀ ਕਾਰਨ ਅੱਜ ਇਥੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਿਸ ਨਾਲ ਜ਼ਿਲ੍ਹੇ ਵਿਚ ਕਰੋਨਾ ਕਾਰਨ ਮਰਨ ਵਾਲਿਆਂ ਦਾ ਅੰਕੜਾ ਵੱਧ ਕੇ 58 ਹੋ ਗਿਆ ਹੈ। ਇਸ ਦੌਰਾਨ ਅੱਜ 11 ਹੋਰ ਨਵੇਂ ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਅੱਜ ਕਰੋਨਾ ਕਾਰਨ 47 ਵਰ੍ਹਿਆਂ ਦੇ ਤਰਸੇਮ ਸਿੰਘ ਵਾਸੀ ਪਿੰਡ ਚੰਨਣਕੇ ਘਣਸ਼ਾਮਪੁਰ (ਤਰਸਿੱਕਾ) ਦੀ ਮੌਤ ਹੋਈ ਹੈ। ਇਹ ਮਰੀਜ਼ ਇਥੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਜ਼ੇਰੇ ਇਲਾਜ ਸੀ। ਇਸੇ ਤਰ੍ਹਾਂ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿਖੇ ਜ਼ੇਰੇ ਇਲਾਜ ਅੰਮ੍ਰਿਤਸਰ ਵਾਸੀ ਰਣਜੀਤ ਸਿੰਘ (65) ਦੀ ਮੌਤ ਹੋ ਗਈ ਹੈ। ਇਹ ਵਿਅਕਤੀ ਕੋਟ ਖਾਲਸਾ ਦੀ ਅਵਤਾਰ ਐਵੀਨਿਊ ਦਾ ਵਾਸੀ ਸੀ। ਅੱਜ ਆਏ ਨਵੇਂ 11 ਕਰੋਨਾ ਪਾਜੀਟਿਵ ਕੇਸਾਂ ਵਿਚ 8 ਆਈਐੱਲਆਈ ਕੇਸ ਹਨ, ਜਿਨ੍ਹਾਂ ਦਾ ਯਾਤਰਾ ਜਾਂ ਕਰੋਨਾ ਪਾਜੀਟਿਵ ਮਰੀਜ਼ਾਂ ਨਾਲ ਕੋਈ ਸਬੰਧ ਨਹੀਂ ਹੈ। ਇਨ੍ਹਾਂ ਵਿਚੋਂ ਇਕ ਦਸਮੇਸ਼ ਨਗਰ, ਇਕ ਹਰੀਪੁਰਾ, ਇਕ ਮਜੀਠਾ ਰੋਡ, ਇਕ ਪ੍ਰੀਤਮ ਨਗਰ ਸੌ ਫੁੱਟੀ ਰੋਡ, ਇਕ ਹੁਸੈਨਪਰਾ, ਇਕ ਅਜਨਾਲਾ, ਇਕ ਬਿਆਸ ਅਤੇ ਇਕ ਬਿਆਸ ਦੇ ਹਸਪਤਾਲ ਨਾਲ ਸਬੰਧਤ ਹੈ। ਇਨ੍ਹਾਂ ਤੋਂ ਇਲਾਵਾ ਤਿੰਨ ਨਵੇਂ ਕਰੋਨਾ ਪਾਜੀਟਿਵ ਮਰੀਜ਼ ਅਜਿਹੇ ਹਨ, ਜਿਨ੍ਹਾਂ ਨੂੰ ਕਰੋਨਾ ਦੀ ਲਾਗ ਪਾਜੀਟਿਵ ਮਰੀਜ਼ਾਂ ਤੋਂ ਲੱਗੀ ਹੈ। ਇਨ੍ਹਾਂ ਵਿਚ ਦੋ ਸੌ ਫੁਟੀ ਰੋਡ ਦੇ ਪ੍ਰੀਤਮ ਨਗਰ ਅਤੇ ਇਕ ਵਿਜੇ ਨਗਰ ਬਟਾਲਾ ਰੋਡ ਨਾਲ ਸਬੰਧਤ ਹੈ।
ਜ਼ਿਲ੍ਹੇ ਵਿਚ ਕੁਲ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 1147 ਹੋ ਗਈ ਹੈ।