ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਸਰਹੱਦੀ ਖੇਤਰ ਵਿੱਚ ਤਿੰਨ ਵੱਖ-ਵੱਖ ਕਾਰਵਾਈਆਂ ’ਚ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ 23.5 ਕਿਲੋ ਹੈਰੋਇਨ ਅਤੇ ਇੱਕ ਪਿਸਤੌਲ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਐੱਸ ਐੱਫ ਇੰਟੈਲੀਜੈਂਸ ਵਿੰਗ ਨਾਲ ਤਾਲਮੇਲ ਕਰ ਕੇ ਲੋਪੋਕੇ ਪੁਲੀਸ ਨੇ ਲੋਧੀ ਗੁੱਜਰ ਪਿੰਡ ਦੇ ਵਸਨੀਕ ਸੁਖਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ, ਜਿਸ ਦੇ ਕਬਜ਼ੇ ’ਚੋਂ 13 ਕਿਲੋ ਹੈਰੋਇਨ ਅਤੇ ਪਿਸਤੌਲ ਦੇ ਨਾਲ ਮੈਗਜ਼ੀਨ ਵੀ ਬਰਾਮਦ ਕੀਤਾ। ਇਹ ਨਸ਼ੀਲਾ ਪਦਾਰਥ ਅਤੇ ਪਿਸਤੌਲ ਪਾਕਿਸਤਾਨ ਤੋਂ ਡਰੋਨ ਰਾਹੀਂ ਸੁੱਟਿਆ ਗਿਆ ਸੀ। ਪੁਲੀਸ ਅਨੁਸਾਰ ਮੁਲਜ਼ਮ ਕਥਿਤ ਤੌਰ ’ਤੇ ਪਾਕਿਸਤਾਨ ਸਥਿਤ ਤਸਕਰਾਂ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਲੈਕੇ ਅੱਗੇ ਸਪਲਾਈ ਕਰਦਾ ਸੀ। ਮੁਲਜ਼ਮ ਨੂੰ ਸੈਦਪੁਰ ਕੋਲੋਂ ਕਾਬੂ ਕੀਤਾ ਹੈ।
ਇਸ ਦੌਰਾਨ ਘਰਿੰਡਾ ਪੁਲੀਸ ਨੇ ਗੁਰਚਰਨ ਸਿੰਘ ਉਰਫ਼ ਬਖਸ਼ੀਸ਼ ਸਿੰਘ ਅਤੇ ਬਿਕਰਮਜੀਤ ਸਿੰਘ ਵਾਸੀ ਪਿੰਡ ਪੰਜਵੜ, ਝਬਾਲ ਨੂੰ ਸਰਕਾਰੀ ਬਾਗਬਾਨੀ ਨਰਸਰੀ ਨੇੜੇ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕਰ ਕੇ 10 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਇੱਕ ਹੋਰ ਮਾਮਲੇ ਵਿੱਚ ਘਰਿੰਡਾ ਪੁਲੀਸ ਨੇ ਅਟਾਰੀ ਦੇ ਵਾਲਮੀਕ ਮੁਹੱਲੇ ਦੇ ਰਾਹੁਲ ਸਿੰਘ ਉਰਫ਼ ਢੋਲਾ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਤੋਂ 500 ਗ੍ਰਾਮ ਹੈਰੋਇਨ ਜ਼ਬਤ ਕੀਤੀ। ਪੁਲੀਸ ਅਨੁਸਾਰ ਮੁਲਜ਼ਮ ਨੇ ਅਟਾਰੀ ਬਾਈਪਾਸ ਨੇੜੇ ਗਸ਼ਤ ਪਾਰਟੀ ਨੂੰ ਦੇਖ ਕੇ ਕਥਿਤ ਤੌਰ ’ਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਕੇ ਪੈਕੇਟ ਬਰਾਮਦ ਕੀਤਾ। ਪੈਕੇਟ ਵਿੱਚ ਅੱਧਾ ਕਿਲੋ ਹੈਰੋਇਨ ਬਰਾਮਦ ਹੋਈ। ਅੰਮ੍ਰਿਤਸਰ ਪੁਲੀਸ ਨੇ ਐੱਨ ਡੀ ਪੀ ਐੱਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਤਿੰਨ ਵੱਖ-ਵੱਖ ਕੇਸ ਦਰਜ ਕੀਤੇ ਹਨ। ਮੁਲਜ਼ਮਾਂ ਦੇ ਸਾਥੀਆਂ ਦੀ ਪਛਾਣ ਕਰਨ ਅਤੇ ਪਾਕਿਸਤਾਨ ਸਥਿਤ ਤਸਕਰਾਂ ਨਾਲ ਸਬੰਧਾਂ ਲਈ ਹੋਰ ਜਾਂਚ ਜਾਰੀ ਹੈ।

