DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਮ੍ਰਿਤਸਰ-ਕੈਨੇਡਾ ਸਿੱਧੀ ਉਡਾਣ ਸ਼ੁਰੂ ਕੀਤੀ ਜਾਵੇ: ਔਜਲਾ

ਸੰਸਦ ਮੈਂਬਰ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ

  • fb
  • twitter
  • whatsapp
  • whatsapp
Advertisement

ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਅੰਮ੍ਰਿਤਸਰ ਤੋਂ ਕੈਨੇਡਾ ਲਈ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦਾ ਵੀ ਸਵਾਗਤ ਕੀਤਾ ਹੈ। ਆਪਣੇ ਪੱਤਰ ਵਿੱਚ ਸ੍ਰੀ ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਸਿਰਫ਼ ਇੱਕ ਸ਼ਹਿਰ ਨਹੀਂ, ਸਗੋਂ ਦੁਨੀਆ ਭਰ ਵਿੱਚ ਵੱਸਦੇ ਲੱਖਾਂ ਲੋਕਾਂ ਦੀ ਆਸਥਾ ਅਤੇ ਭਾਵਨਾਵਾਂ ਦਾ ਕੇਂਦਰ ਹੈ। ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰਾ ਵੱਸਦਾ ਹੈ, ਜਿਸ ਦੀਆਂ ਪਰਿਵਾਰਕ ਅਤੇ ਵਿਰਾਸਤੀ ਜੜਾਂ ਪੰਜਾਬ ਨਾਲ ਜੁੜੀਆਂ ਹੋਈਆਂ ਹਨ। ਸੰਸਦ ਮੈਂਬਰ ਨੇ ਲਿਖਿਆ ਕਿ ਟੋਰਾਂਟੋ ਅਤੇ ਵੈਨਕੂਵਰ ਤੋਂ ਅੰਮ੍ਰਿਤਸਰ ਲਈ ਸਿੱਧੀ, ਨਾਨ-ਸਟਾਪ ਉਡਾਣ ਲੰਮੇ ਸਮੇਂ ਤੋਂ ਪਰਵਾਸੀ ਭਾਈਚਾਰੇ ਦੀ ਪ੍ਰਮੁੱਖ ਮੰਗ ਰਹੀ ਹੈ। ਮੌਜੂਦਾ ਸਮੇਂ ਵਿੱਚ ਯਾਤਰੀਆਂ ਨੂੰ ਕਈ ਰੂਟਾਂ ਰਾਹੀਂ ਲੰਬੀ ਅਤੇ ਔਖੀ ਯਾਤਰਾ ਕਰਨੀ ਪੈਂਦੀ ਹੈ, ਜਿਸ ਨਾਲ ਸਮਾਂ ਅਤੇ ਖਰਚ ਦੋਵੇਂ ਵੱਧਦੇ ਹਨ। ਜੇਕਰ ਸਿੱਧੀ ਹਵਾਈ ਸੇਵਾ ਸ਼ੁਰੂ ਹੋ ਜਾਂਦੀ ਹੈ ਤਾਂ ਲੋਕਾਂ ਨੂੰ ਆਪਣੇ ਪਰਿਵਾਰਾਂ ਨੂੰ ਮਿਲਣ ਵਿੱਚ ਆਸਾਨੀ ਹੋਵੇਗੀ। ਇਸ ਨਾਲ ਭਾਰਤ ਅਤੇ ਕੈਨੇਡਾ ਵਿਚਕਾਰ ਵਪਾਰ ਤੇ ਸੈਰ-ਸਪਾਟੇ ਨੂੰ ਬਲ ਮਿਲੇਗਾ ਅਤੇ ਵਿਦਿਆਰਥੀਆਂ, ਉਦਯੋਗਪਤੀਆਂ ਤੇ ਪੇਸ਼ੇਵਰਾਂ ਨੂੰ ਵੀ ਇਸ ਤੋਂ ਲਾਭ ਹੋਵੇਗਾ।

ਕਾਰਨੀ ਨੂੰ ਭਾਰਤੀ ਹਮਰੁਤਬਾ ਕੋਲ ਮੁੱਦਾ ਚੁੱਕਣ ਦੀ ਅਪੀਲ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਹਵਾਈ ਸੰਪਰਕ ਨੂੰ ਬਿਹਤਰ ਕਰਨ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਭਾਰਤ ਦੌਰੇ ਦੌਰਾਨ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਵਿੱਚ ਅੰਮ੍ਰਿਤਸਰ ਅਤੇ ਕੈਨੇਡਾ ਵਿਚਾਲੇ ਸਿੱਧੀਆਂ ਉਡਾਣਾਂ ਦੇ ਮੁੱਦੇ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ (ਕੈਨੇਡਾ) ਅਤੇ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਤੇ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਟੋਰਾਂਟੋ ਅਤੇ ਵੈਨਕੂਵਰ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨਾ, ਕੈਨੇਡਾ ਅਤੇ ਭਾਰਤ ਵਿਚਾਲੇ ਲੋਕਾਂ ਦੇ ਆਪਸੀ ਸੰਪਰਕ ਨੂੰ ਮਜ਼ਬੂਤ ਕਰਨ ਲਈ ਅਹਿਮ ਕਦਮ ਹੈ। ਇਹ ਰੂਟ ਪੰਜਾਬੀ ਮੂਲ ਦੇ 10 ਲੱਖ ਤੋਂ ਵੱਧ ਕੈਨੇਡੀਅਨਾਂ ਤੇ ਕੌਮਾਂਤਰੀ ਵਿਦਿਆਰਥੀਆਂ ਅਤੇ ਵਪਾਰੀਆਂ ਦੀ ਵਧ ਰਹੀ ਗਿਣਤੀ ਲਈ ਲਾਹੇਵੰਦ ਹੋਵੇਗਾ। ਇਸ ਰੂਟ ਨਾਲ ਅੰਮ੍ਰਿਤਸਰ ਆਉਣ ਵਾਲੇ ਯਾਤਰੀਆਂ ਨੂੰ ਦਿੱਲੀ ਵਿੱਚ ਲੰਮੇ ਸਮੇਂ ਦੇ ਠਹਿਰਾਅ ਵਾਲੇ 25-35 ਘੰਟਿਆਂ ਦੇ ਥਕਾਵਟ ਭਰੇ ਸਫ਼ਰ ਤੋਂ ਨਿਜ਼ਾਤ ਮਿਲੇਗੀ। ਉਨ੍ਹਾਂ ਦੱਸਿਆ ਕਿ ਮੌਜੂਦਾ ਕੈਨੇਡਾ-ਭਾਰਤ ਹਵਾਈ ਸੇਵਾਵਾਂ ਸਮਝੌਤੇ ਦੇ ਤਹਿਤ, ਭਾਰਤੀ ਏਅਰਲਾਈਨਾਂ ਨੂੰ ਭਾਰਤ ਦੇ ਕਿਸੇ ਵੀ ਸ਼ਹਿਰ ਤੋਂ ਕੈਨੇਡਾ ਲਈ ਉਡਾਣ ਭਰਨ ਲਈ ‘ਓਪਨ ਸਕਾਈਜ਼’ ਪਹੁੰਚ ਪ੍ਰਾਪਤ ਹੈ ਪਰ ਇਸ ਦੇ ਉਲਟ ਕੈਨੇਡੀਅਨ ਏਅਰਲਾਈਨਾਂ ਭਾਰਤ ਦੇ ਸਿਰਫ ਛੇ ਵੱਡੇ ਮਹਾਨਗਰਾਂ ਦੇ ਏਅਰਪੋਰਟ ਤੱਕ ਹੀ ਉਡਾਣਾਂ ਚਲਾ ਸਕਦੀਆਂ ਹਨ, ਜਿਸ ਵਿੱਚ ਅੰਮ੍ਰਿਤਸਰ ਸ਼ਾਮਲ ਨਹੀਂ ਹੈ। ਉਨ੍ਹਾਂ ਸਾਰੇ ਕੈਨੇਡੀਅਨ ਸੰਸਦ ਮੈਂਬਰਾਂ ਖਾਸ ਕਰਕੇ ਪੰਜਾਬੀ ਮੂਲ ਦੇ ਮੈਂਬਰਾਂ, ਨੂੰ ਅਪੀਲ ਕੀਤੀ ਹੈ ਕਿ ਉਹ ਜਨਤਕ ਤੌਰ ‘ਤੇ ਇਸ ਮੰਗ ਦਾ ਸਮਰਥਨ ਕਰਨ ਤਾਂ ਜੋ ਇਸ ਮੁੱਦੇ ਨੂੰ ਹੁਣ ਜਾਂ ਭਵਿੱਖੀ ਗੱਲਬਾਤ ਦੇ ਦੁਵੱਲੇ ਏਜੰਡੇ ਵਿੱਚ ਸ਼ਾਮਲ ਕਰਵਾਇਆ ਜਾ ਸਕੇ।

Advertisement

Advertisement
Advertisement
×