ਖੇਤੀ ਕਾਨੂੰਨ: ਕਿਸਾਨ ਜੱਥੇਬੰਦੀਆਂ ਨੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ

ਖੇਤੀ ਕਾਨੂੰਨ: ਕਿਸਾਨ ਜੱਥੇਬੰਦੀਆਂ ਨੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਜਲੰਧਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਦੇ ਹੋਏ। ਫੋਟੋ: ਮਲਕੀਅਤ ਸਿੰਘ

ਨਿਜੀ ਪੱਤਰ ਪ੍ਰੇਰਕ

ਜਲੰਧਰ, 17 ਅਕਤੂਬਰ

ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਅੱਜ ਡਿਪਟੀ ਕਮਿਸ਼ਨਰ ਦਫਤਰ ਦੇ ਐਨ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਜੱਥੇਬੰਦੀਆਂ ਦੇ ਕਾਰਕੁਨਾਂ ਨੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ, ਜਨਰਲ ਸਕੱਤਰ ਪਰਮਜੀਤ ਸਿੰਘ ਅਤੇ ਕਸ਼ਮੀਰ ਸਿੰਘ ਨੇ ਦੱਸਿਆ ਕਿ ਜਦੋਂ ਤਕ ਖੇਤੀ ਕਾਨੂੰਨ ਵਿੱਚ ਸੋਧ ਨਹੀਂ ਕੀਤੀ ਜਾਂਦੀ, ਊਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

ਹੁਸ਼ਿਆਰਪੁਰ(ਪੱਤਰ ਪ੍ਰੇਰਕ): ਕਿਸਾਨ ਵਿਰੋਧੀ ਆਰਡੀਨੈਸਾਂ ਖਿਲਾਫ਼ ਲੇਬਰ ਪਾਰਟੀ ਵਲੋਂ ਹੰਦੋਵਾਲ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਮੋਦੀ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ। ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ, ਸਕੱਤਰ ਦਵਿੰਦਰ ਸਿੰਘ ਅਤੇ ਕਿਸਾਨ ਆਗੂ ਦਲਵੀਰ ਸਿੰਘ ਨੇ ਇਸ ਮੌਕੇ ਸੰਬੋਧਨ ਕੀਤਾ। ਅਜ਼ਾਦ ਕਿਸਾਨ ਕਮੇਟੀ ਦੋਆਬਾ ਦੇ ਬੈਨਰ ਹੇਠ ਰਿਲਾਇੰਸ ਪੈਟਰੋਲ ਪੰਪ ਪੂੰਗਾ ਤੋਂ ਸ਼ਹਿਰ ਤੱਕ ਰੋਸ ਮਾਰਚ ਕੀਤਾ ਗਿਆ।

ਆਦਮਪੁਰ ਦੋਆਬਾ(ਪੱਤਰ ਪ੍ਰੇਰਕ): ਆਦਮਪੁਰ ਵਿੱਚ ਪਾਰਟੀਬਾਜ਼ੀ ਤੋਂ ਉਪਰ ਉਠਕੇ ਇਲਾਕੇ ਦੇ ਸਾਰੇ ਕਿਸਾਨਾਂ ਵਲੋਂ ਸਾਂਝੇ ਤੌਰ ’ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਗਈ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ ਗਿਆ।

ਫਤਹਿਗੜ੍ਹ ਚੂੜੀਆਂ(ਪੱਤਰ ਪ੍ਰੇਰਕ): ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਅਤੇ ਦਲਜੀਤ ਸਿੰਘ ਚਿਤੌੜਗੜ੍ਹ ਦੀ ਅਗਵਾਈ ਵਿੱਚ ਪਿੰਡ ਮੰਜਿਆਂਵਾਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ।

ਗੜ੍ਹਸ਼ੰਕਰ(ਨਿਜੀ ਪੱਤਰ ਪ੍ਰੇਰਕ): ਇੱਥੇ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ’ਤੇ ਪਿੰਡ ਬੱਡੋਆਣ ਦੇ ਅੱਡੇ ’ਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਰੋਸ ਮੁਜ਼ਾਹਰੇ ਵਿੱਚ ਵੱਡੀ ਗਿਣਤੀ ਕਿਸਾਨ-ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ। ਕਿਸਾਨਾਂ ਨੂੰ ਦਿੱਲੀ ਬੁਲਾ ਕੇ ਗੱਲ-ਬਾਤ ਨਾ ਕਰਨ ’ਤੇ ਕਿਸਾਨ ਜੱਥੇਬੰਦੀਆਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ।

ਜੰਡਿਆਲਾ ਗੁਰੂ(ਪੱਤਰ ਪ੍ਰੇਰਕ): ਅੱਜ ਇਥੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਕਾਮਰੇਡ ਲਖਬੀਰ ਸਿੰਘ ਨਿਜਾਮਪੁਰ ਨੇ ਇਸ ਮੌਕੇ ਮੁਜ਼ਾਹਰਾਕਾਰੀ ਕਿਸਾਨਾਂ ਨੂੰ ਸੰਬੋਧਨ ਕੀਤਾ।

ਅਟਾਰੀ(ਪੱਤਰ ਪ੍ਰੇਰਕ): ਸਰਹੱਦੀ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਮੋਦੀ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਗਏ। ਸਰਹੱਦੀ ਖੇਤਰ ਅਟਾਰੀ ਦੇ ਪਿੰਡ ਮੋਦੇ, ਧਾਰੀਵਾਲ, ਧਨੋਏ, ਰਤਨ ਖੁਰਦ, ਮੁਹਾਵਾ, ਰਾਜਾਤਾਲ, ਦਾਉਕੇ, ਲਾਹੌਰੀਮੱਲ ਆਦਿ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਪੁਤਲੇ ਸਾੜ ਕੇ ਪ੍ਰਦਰਸ਼ਨ ਕੀਤੇ ਗਏ।

ਚੋਹਲਾ ਸਾਹਿਬ (ਪੱਤਰ ਪ੍ਰੇਰਕ): ਇਥੇ ਕਾਮਰੇਡ ਪਰਮਜੀਤ ਸਿੰਘ ਦੀ ਅਗਵਾਈ ਹੇਠ ਕਸਬਾ ਚੋਹਲਾ ਸਾਹਿਬ ਵਿੱਚ ਚੌਕ ਸ਼ਾਹੂ ਸ਼ਾਹ ਵਿੱਚ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਤਰਨ ਤਾਰਨ(ਪੱਤਰ ਪ੍ਰੇਰਕ): ਪਿੰਡ ਦਦੇਹਰ ਸਾਹਿਬ ਵਿੱਚ ਜਥੇਬੰਦੀ ਦੇ ਆਗੂ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਰੋਸ ਵਿਖਾਵਾ ਕੀਤਾ ਗਿਆ|

ਅਜਨਾਲਾ(ਪੱਤਰ ਪ੍ਰੇਰਕ): ਅੱਜ ਇਥੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਕਿਸਾਨਾਂ ਨੂੰ ਖੇਤੀ ਵਿਰੋਧੀ ਕਾਨੂੰਨਾਂ ਬਾਰੇ ਸੁਚੇਤ ਕਰਨ ਲਈ ਹਲਕੇ ਦੇ ਪਿੰਡਾਂ ਸੈਦਪੁਰ ਸਾਰੰਗਦੇਵ, ਉਗਰ ਔਲਖ ਸਮੇਤ ਦਰਜਨ ਦੇ ਕਰੀਬ ਪਿੰਡਾਂ ਵਿਚ ਚੇਤਨਾ ਮਾਰਚ ਕੀਤਾ।

ਰਿਲਾਇੰਸ ਅਦਾਰਿਆਂ ਅੱਗੇ ਕਿਸਾਨਾਂ ਦਾ ਰੋਹ ਵਧਿਆ

ਪਠਾਨਕੋਟ(ਪੱਤਰ ਪ੍ਰੇਰਕ): ਖੇਤੀ ਸੁਧਾਰ ਕਾਨੂੰਨ ਦੇ ਵਿਰੋਧ ਵਿੱਚ ਕਿਸਾਨਾਂ ਵਲੋਂ ਦਿੱਤਾ ਜਾ ਰਿਹਾ ਧਰਨਾ ਲਗਾਤਾਰ ਜਾਰੀ ਹੈ। ਅੱਜ ਕਿਸਾਨ ਸਾਂਝੇ ਫਰੰਟ ਵਲੋਂ ਸੁਜਾਨਪੁਰ ਵਿੱਚ ਰਿਲਾਇੰਸ ਪੈਟਰੋਲ ਪੰਪ ਦੇ ਬਾਹਰ ਬਲਵੰਤ ਸਿੰਘ ਘੋਹ, ਮੀਤ ਸਿੰਘ ਅਤੇ ਰਣਜੀਤ ਸਿੰਘ ਦੀ ਅਗਵਾਈ ਵਿੱਚ ਰੋਸ ਧਰਨਾ ਦਿੱਤਾ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ। ਇਸੇ ਤਰ੍ਹਾਂ ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਪੈਂਦੇ ਲਦਪਾਲਵਾਂ ਟੌਲ ਪਲਾਜ਼ਾ ਉਪਰ ਵੀ ਕਿਸਾਨ ਜਥੇਬੰਦੀਆਂ ਨੇ ਧਰਨਾ ਦਿੱਤਾ ਅਤੇ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ।

ਨਵਾਂਸ਼ਹਿਰ(ਪੱਤਰ ਪ੍ਰੇਰਕ): ਕਿਸਾਨ ਜਥੇਬੰਦੀਆਂ ਦਾ ਰੋਹ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਗੁੱਸੇ ਨਾਲ ਭਰੇ ਕਿਸਾਨਾਂ ਨੇ ਆਪਣੇ ਸੰਘਰਸ਼ ਨੂੰ ਤੇਜ਼ ਕਰਦਿਆਂ ਮੋਦੀ ਸਰਕਾਰ ਦੀ ਚਹੇਤੀ ਬਹੁਕੌਮੀ ਕੰਪਨੀ ਰਿਲਾਇੰਸ ਦੇ ਸਥਾਨਕ ਚੰਡੀਗੜ੍ਹ ਰੋਡ ’ਤੇ ਸਥਿਤ ਸਮਾਰਟ ਸੁਪਰ ਸਟੋਰ ਦਾ ਅੱਜ ਤੀਸਰੇ ਦਿਨ ਵੀ ਘਿਰਾਓ ਕੀਤਾ ਅਤੇ ਜੰਮ ਕੇ ਨਾਅਰੇਬਾਜ਼ੀ ਕਰਨ ਉਪਰੰਤ ਪ੍ਧਾਨ ਮੰਤਰੀ ਦਾ ਪੁਤਲਾ ਫੂਕਿਆ।

ਟੌਲ ਪਲਾਜ਼ਿਆਂ ’ਤੇ ਗਰਜੇ ਕਿਸਾਨ

ਸ਼ਾਹਕੋਟ(ਪੱਤਰ ਪ੍ਰੇਰਕ): ਸ਼ਾਹਕੋਟ, ਲੋਹੀਆਂ ਖਾਸ ਅਤੇ ਮਹਿਤਪੁਰ ਤੋਂ ਇਲਾਵਾ ਚੱਕ ਬਾਂਹਮਣੀਆਂ, ਗਿੱਦੜਪਿੰਡੀ ਅਤੇ ਸੰਗੋਵਾਲ ਦੇ ਟੌਲ ਪਲਾਜ਼ਿਆਂ ਉੱਪਰ ਕਿਸਾਨਾਂ ਨੇ ਰੋਸ ਵਿਖਾਵੇ ਕਰਕੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੂਕੇ। ਕਿਸਾਨ ਇਕੱਠਾਂ ਨੂੰ ਬਚਿੱਤਰ ਸਿੰਘ ਤੱਗੜ, ਚਰਨਜੀਤ ਥੰਮੂਵਾਲ,ਵਰਿੰਦਰਪਾਲ ਸਿੰਘ ਆਦਿ ਨੇ ਸੰਬੋਧਨ ਕੀਤਾ।

ਮਾਨਸਰ(ਪੱਤਰ ਪ੍ਰੇਰਕ): ਇਥੇ ਟੌਲ ਪਲਾਜ਼ਾ ਮਾਨਸਰ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨੀ ਹੱਕਾਂ ਲਈ ਵਿੱਢਿਆ ਇਹ ਸੰਘਰਸ਼ ਖੇਤੀ ਮਾਰੂ ਕਾਲੇ ਕਾਨੂੰਨ ਰੱਦ ਕਰਵਾਉਣ ਤੱਕ ਜਾਰੀ ਰਹੇਗਾ।

ਟਾਂਡਾ(ਪੱਤਰ ਪ੍ਰੇਰਕ): ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਅੱਜ ਚੌਲਾਂਗ ਟੋਲ ਪਲਾਜ਼ਾ ’ਤੇ ਦੋਆਬਾ ਕਿਸਾਨ ਕਮੇਟੀ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਲਾਏ ਗਏ ਧਰਨੇ ਦੇ 13 ਵੇਂ ਦਿਨ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ| ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All