ਖੇਤੀ ਕਾਨੂੰਨ: ਕੇਂਦਰ ਵੱਲੋਂ ਮਾਲ ਗੱਡੀਆਂ ਰੋਕਣ ਤੋਂ ਕਿਸਾਨ ਖ਼ਫ਼ਾ

ਕਾਲੇ ਕਾਨੂੰਨ ਰੱਦ ਹੋਣ ਤਕ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ; ਪਲੇਟਫਾਰਮਾਂ ’ਤੇ ਧਰਨੇ ਜਾਰੀ; ਮੋਦੀ ਤੇ ਜੋਟੀਦਾਰਾਂ ਦੇ ਪੁਤਲੇ ਫੂਕੇ

ਖੇਤੀ ਕਾਨੂੰਨ: ਕੇਂਦਰ ਵੱਲੋਂ ਮਾਲ ਗੱਡੀਆਂ ਰੋਕਣ ਤੋਂ ਕਿਸਾਨ ਖ਼ਫ਼ਾ

ਦਸਮੇਸ਼ ਨਗਰ ਵਿਚ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਮੋਦੀ, ਅੰਬਾਨੀ-ਅਡਾਨੀ ਦੇ ਪੁਤਲੇ ਫੂਕਦੀਆਂ ਹੋਈਆਂ। -ਫੋਟੋ: ਬੇਦੀ

ਜਤਿੰਦਰ ਬੈਂਸ
ਗੁਰਦਾਸਪੁਰ, 26 ਅਕਤੂਬਰ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਚੱਲ ਰਿਹਾ ਰੇਲ ਰੋਕੋ ਅੰਦੋਲਨ ਅੱਜ 26ਵੇਂ ਦਿਨ ਵੀ ਜਾਰੀ ਰਿਹਾ।

ਗੁਰਦਾਸਪੁਰ ਦੇ ਪਲੇਟਫਾਰਮ ’ਤੇ ਧਰਨੇ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਨੇ ਕੋਲਾ, ਤੇਲ, ਖਾਦ ਅਤੇ ਹੋਰ ਖਾਧ ਪਦਾਰਥਾਂ ਦੀ ਢੋਆ-ਢੋਆਈ ਚਾਲੂ ਰੱਖਣ ਲਈ ਮਾਲ ਗੱਡੀਆਂ ਚਲਾਉਣ ਲਈ ਰੇਲ ਲਾਈਨਾਂ ਤੋਂ ਧਰਨੇ ਚੁੱਕ ਕੇ ਪਲੇਟਫਾਰਮਾਂ ਉੱਤੇ ਤਬਦੀਲ ਕਰ ਦਿੱਤੇ ਹਨ, ਪਰ ਮੋਦੀ ਸਰਕਾਰ ਨੇ ਪੰਜਾਬ ਅੰਦਰ ਮਾਲ ਗੱਡੀਆਂ ਨਾ ਚਲਾਉਣ ਦਾ ਫ਼ੈਸਲਾ ਲੈ ਕੇ ਹੋਛੇਪਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਤਰ੍ਹਾਂ ਦੀ ਘਾਟ ਆਉਂਦੀ ਹੈ ਤਾਂ ਮੋਦੀ ਸਰਕਾਰ ਜ਼ਿੰਮੇਵਾਰ ਹੋਵੇਗੀ। ਕਿਸਾਨ ਕਾਨੂੰਨ ਰੱਦ ਹੋਣ ਤਕ ਸੰਘਰਸ਼ ਜਾਰੀ ਰੱਖਣ ਲਈ ਦ੍ਰਿੜ੍ਹ ਸੰਕਲਪ ਹਨ। ਇਸ ਮੌਕੇ ਅਜੀਤ ਸਿੰਘ, ਗੁਲਜ਼ਾਰ ਸਿੰਘ, ਅਸ਼ਵਨੀ ਕੁਮਾਰ, ਸੁਖਦੇਵ ਨੇ ਸੰਬੋਧਨ ਕੀਤਾ।

ਰਈਆ (ਦਵਿੰਦਰ ਸਿੰਘ ਭੰਗੂ): ਅੱਜ ਬੁਟਾਰੀ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ’ਤੇ ਕਿਸਾਨ ਜਥੇਬੰਦੀਆਂ ਨੇ ਧਰਨਾ ਲਾਇਆ। ਮਗਰੋਂ ਊਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅੰਬਾਨੀਆਂ ਦੇ ਅਡਾਨੀਆਂ ਦੇ ਪੁਤਲੇ ਫੂਕੇ। ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਵਿਚੋਂ ਮਾਲ ਗੱਡੀਆਂ ਵਾਪਸ ਬੁਲਾਉਣ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਅਜਿਹੇ ਫ਼ੈਸਲਿਆਂ ਨਾਲ ਕਿਸਾਨ ਅੰਦੋਲਨ ਥੰਮ੍ਹਿਆ ਨਹੀਂ ਜਾਵੇਗਾ। ਅੱਜ ਦੇ ਇਕੱਠ ਨੂੰ ਗੁਰਮੇਜ ਸਿੰਘ, ਲਖਬੀਰ ਸਿੰਘ, ਪ੍ਰਕਾਸ਼ ਸਿੰਘ ਨੇ ਸੰਬੋਧਨ ਕੀਤਾ।

ਜੰਡਿਆਲਾ ਗੁਰੂ (ਸਿਮਰਤ ਪਾਲ ਸਿੰਘ ਬੇਦੀ): ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਕਿਸਾਨ ਵਿਰੋਧੀ ਕਾਲੇ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਮੋਦੀ, ਅੰਬਾਨੀ ਤੇ ਅਡਾਨੀ ਦੇ ਪੁਤਲੇ ਫੂਕੇ। ਕਾਮਰੇਡ ਲੱਖਬੀਰ ਸਿੰਘ ਨਿਜਾਮਪੁਰ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਪਿੰਡ-ਪਿੰਡ ਰਾਵਣ, ਮੋਦੀ ਸਰਕਾਰ, ਅਡਾਨੀ ਅਤੇ ਅੰਬਾਨੀ ਦੇ ਪੁਤਲੇ ਫੂਕਣ ਦੇ ਸੱਦੇ ਤਹਿਤ ਤਰਸਿੱਕਾ ਬਲਾਕ ਦੇ ਪਿੰਡ ਦਸਮੇਸ਼ ਨਗਰ ਵਿਚ ਕਿਸਾਨ ਆਗੂ ਦਿਲਬਾਗ ਸਿੰਘ, ਬਲਕਾਰ ਸਿੰਘ ਅਤੇ ਜਸਵੰਤ ਸਿੰਘ ਸੋਨੂੰ ਦੀ ਅਗਵਾਈ ਹੇਠ ਪੁਤਲਾ ਫੂਕਿਆ ਗਿਆ। ਪੁਤਲੇ ਨੂੰ ਅੱਗ ਲਾਉਣ ਦੀ ਰਸਮ ਬੀਬੀ ਕੁਲਵੰਤ ਕੌਰ ਅਤੇ ਰਣਜੀਤ ਕੌਰ ਨੇ ਕੀਤੀ।

ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ 2020 ਖ਼ਿਲਾਫ਼ ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਮੋਦੀ ਦਾ ਪੁਤਲਾ ਫੂਕਿਆ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਢੰਡੋਵਾਲ ਵਿਚ ਬਿਜਲੀ ਕਾਮਿਆਂ ਨੂੰ ਸੰਜੀਵ ਕੁਮਾਰ, ਜਸਵੰਤ ਰਾਏ, ਰੁਪਿੰਦਰਜੀਤ ਸਿੰਘ ਅਤੇ ਹਰਜਿੰਦਰ ਸਿੰਘ ਨੇ ਸੰਬੋਧਨ ਕੀਤਾ।

ਹੁਸ਼ਿਆਰਪੁਰ (ਹਰਪ੍ਰੀਤ ਕੌਰ): ਕਿਸਾਨ ਜਥੇਬੰਦੀਆਂ ਵੱਲੋਂ ਲਾਚੋਵਾਲ ਟੌਲ ਪਲਾਜ਼ਾ ’ਤੇ ਦਿੱਤਾ ਜਾ ਰਿਹਾ ਧਰਨਾ ਅੱਜ 16ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਸਵਰਨ ਸਿੰਘ, ਗੁਰਦੀਪ ਸਿੰਘ, ਓਮ ਸਿੰਘ, ਦਵਿੰਦਰ ਸਿੰਘ ਹਾਜ਼ਰ ਸਨ।

ਕੇਂਦਰ ਸਰਕਾਰ ਦੇ ਬਿੱਲ ਕਿਸਾਨ ਪੱਖੀ: ਅਵਿਨਾਸ਼ ਖੰਨਾ

ਬਲਾਚੌਰ (ਸੁਭਾਸ਼ ਜੋਸ਼ੀ): ਬਲਾਚੌਰ ਵਿਚ ਆਪਣੀ ਫੇਰੀ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਲੋਕ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਬਿੱਲ ਕਿਸਾਨਾਂ ਦੇ ਹਿੱਤ ਵਿਚ ਹਨ ਪਰ ਕੁਝ ਸੌੜੀ ਸੋਚ ਵਾਲੇ ਸਿਆਸੀ ਲੋਕ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਸਿਆਸੀ ਰੋਟੀਆਂ ਸੇਕ ਰਹੇ ਹਨ। ਉਨ੍ਹਾਂ ਆਖਿਆ ਕਿ ਕਿਸਾਨਾਂ ਦੀ ਜਿਣਸ ਸਰਕਾਰ ਵੱਲੋਂ ਮੁਕੱਰਰ ਭਾਅ ਤੋਂ ਹੇਠਾ ਖਰੀਦੀ-ਵੇਚੀ ਨਹੀਂ ਜਾ ਸਕੇਗੀ।

ਖੇਤੀ ਕਾਨੂੰਨਾਂ ਖ਼ਿਲਾਫ਼ ‘ਆਪ’ ਵੱਲੋਂ ਚੇਤਨਾ ਮਾਰਚ

ਅਜਨਾਲਾ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ (ਆਪ) ਵੱਲੋਂ ਖੇਤੀ ਵਿਰੋਧੀ ਕਾਨੂੰਨਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਗਰਾਮ ਸਭਾਵਾਂ ਕੋਲੋਂ ਖੇਤੀ ਵਿਰੋਧੀ ਕਾਨੂੰਨਾਂ ਵਿਰੁੱਧ ਮਤਾ ਪਾਉਣ ਲਈ ਚਲਾਈ ਮੁਹਿੰਮ ਤਹਿਤ ‘ਆਪ’ ਦੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਇੰਚਾਰਜ ਅਤੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਵਰਕਰਾਂ ਨੇ ਪਿੰਡ ਉਰਧਨ, ਘੁੱਕੇਵਾਲੀ ਤੇ ਗੁਰੂ ਕਾ ਬਾਗ਼ ਵਿਚ ਚੇਤਨਾ ਮਾਰਚ ਕੱਢਿਆ। ਸ੍ਰੀ ਧਾਲੀਵਾਲ ਨੇ ਦੱਸਿਆ ਕਿ ਕਾਫੀ ਪਿੰਡਾਂ ਵਿਚ ਗਰਾਮ ਸਭਾਵਾਂ ਦਾ ਇਜਲਾਸ ਬੁਲਾ ਕੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਮਤੇ ਪੁਆ ਕੇ ਪਾਰਟੀ ਹਾਈ ਕਮਾਂਡ ਨੂੰ ਭੇਜੇ ਗਏ ਹਨ। ਇਸ ਮੌਕੇ ਸਵਿੰਦਰ ਸਿੰਘ, ਬੱਬੂ, ਜਗਜੀਤ ਸਿੰਘ, ਮਾਸਟਰ ਜਸਵਿੰਦਰ ਸਿੰਘ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਮੁੱਖ ਖ਼ਬਰਾਂ

ਸ਼ਹਿਰ

View All