ਅਗਨੀਪਥ: ਕੇਂਦਰ ਦੇ ਫ਼ੈਸਲੇ ਵਿਰੁੱਧ ਕਾਂਗਰਸ ਵੱਲੋਂ ਮੁਜ਼ਾਹਰੇ

ਕੇਂਦਰ ਸਰਕਾਰ ਦੇ ਪੁਤਲੇ ਫੂਕੇ; ਅਗਨੀਵੀਰ ਯੋਜਨਾ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਾਰ; ਯੋਜਨਾ ਵਾਪਸ ਲੈਣ ਲਈ ਮੰਗ ਪੱਤਰ ਸੌਂਪੇ

ਅਗਨੀਪਥ: ਕੇਂਦਰ ਦੇ ਫ਼ੈਸਲੇ ਵਿਰੁੱਧ ਕਾਂਗਰਸ ਵੱਲੋਂ ਮੁਜ਼ਾਹਰੇ

ਅੰਮਿ੍ਰਤਸਰ ਵਿੱਚ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦਾ ਵਿਰੋਧ ਕਰਦੇ ਹੋਏ ਕਾਂਗਰਸੀ ਆਗੂ। -ਫੋਟੋ: ਪੰਜਾਬੀ ਟ੍ਰਿਬਿਊਨ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 27 ਜੂਨ

ਇੱਥੇ ਅੱਜ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਇਸ ਯੋਜਨਾ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਇਹ ਧਰਨਾ ਸਥਾਨਕ ਹਾਲ ਗੇਟ ਵਿੱਚ ਕਾਂਗਰਸ ਦੀ ਸ਼ਹਿਰੀ ਕਮੇਟੀ ਦੇ ਪ੍ਰਧਾਨ ਅਸ਼ਵਨੀ ਪੱਪੂ ਦੀ ਅਗਵਾਈ ਹੇਠ ਦਿੱਤਾ ਗਿਆ, ਜਿਸ ਵਿੱਚ ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਹੋਰ ਕਈ ਪ੍ਰਮੁੱਖ ਕਾਂਗਰਸੀ ਆਗੂ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਅਗਨੀਪਥ ਯੋਜਨਾ ਵਾਪਸ ਲੈਣ ਦੀ ਮੰਗ ਕੀਤੀ। ਸ੍ਰੀ ਸੋਨੀ ਨੇ ਦੋਸ਼ ਲਾਇਆ ਕਿ ਇਹ ਯੋਜਨਾ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਹੈ, ਜਿਸ ਕਾਰਨ ਸਮੁੱਚਾ ਨੌਜਵਾਨ ਵਰਗ ਕੇਂਦਰ ਸਰਕਾਰ ਦੀ ਯੋਜਨਾ ਦਾ ਵਿਰੋਧ ਕਰ ਰਿਹਾ ਹੈ।

ਦੀਨਾਨਗਰ (ਸਰਬਜੀਤ ਸਾਗਰ): ਅਗਨੀਪਥ ਸਕੀਮ ਦੇ ਵਿਰੋਧ ਵਿੱਚ ਅੱਜ ਕਾਂਗਰਸੀ ਵਰਕਰਾਂ ਵੱਲੋਂ ਦੀਨਾਨਗਰ ਦੇ ਬੱਸ ਸਟੈਂਡ ’ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਨਗਰ ਕੌਂਸਲ ਦੇ ਪ੍ਰਧਾਨ ਨੀਟੂ ਚੌਹਾਨ ਅਤੇ ਸ਼ਹਿਰੀ ਪ੍ਰਧਾਨ ਸਤਿੰਦਰ ਮਹਾਜਨ ਦੀ ਅਗਵਾਈ ਵਿੱਚ ਹੋਏ ਇਸ ਐਕਸ਼ਨ ਦੌਰਾਨ ਉਪ ਪ੍ਰਧਾਨ ਪ੍ਰਵੀਨ ਬਾਬਾ, ਬਲਾਕ ਸੰਮਤੀ ਚੇਅਰਮੈਨ ਹਰਵਿੰਦਰ ਸਿੰਘ ਭੱਟੀ ਅਤੇ ਯੂਥ ਪ੍ਰਧਾਨ ਰੰਮੀ ਠਾਕੁਰ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੀ ਇਸ ਸਕੀਮ ਦਾ ਜ਼ੋਰਦਾਰ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ 17 ਸਾਲ ਦੀ ਉਮਰ ਵਿੱਚ ਨੌਜਵਾਨਾਂ ਨੂੰ ਫ਼ੌਜ ਵਿੱਚ ਭਰਤੀ ਕਰਕੇ ਚਾਰ ਸਾਲਾਂ ਬਾਅਦ ਸੇਵਾਮੁਕਤ ਕਰ ਦੇਣਾ ਹਾਸੋਹੀਣਾ ਫ਼ੈਸਲਾ ਹੈ। ਇਸ ਮੌਕੇ ਕੌਂਸਲਰ ਪਰਮਜੀਤ ਕੌਰ, ਕੌਂਸਲਰ ਅਜੇ ਸਟਾਰ, ਤਿਰਲੋਕ ਸਿੰਘ ਟੋਲਾ, ਬਲਬੀਰ ਸੂਰੀ, ਇੰਦਰਜੀਤ ਮਾਣਾ, ਧਰਮ ਪਾਲ, ਰਮੇਸ਼ ਕੁਮਾਰ ਮੇਸ਼ਾ, ਮੱਦੀ ਕੈਂਪ ਅਤੇ ਰਾਮ ਕੈਂਪ ਤੋਂ ਇਲਾਵਾ ਹੋਰ ਵਰਕਰ ਹਾਜ਼ਰ ਸਨ।

ਬਲਾਚੌਰ (ਗੁਰਦੇਵ ਸਿੰਘ ਗਹੂੰਣ): ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੇਂਦਰ ਸਰਕਾਰ ਵਲੋਂ ਅਗਨੀਪਥ ਯੋਜਨਾ ਦੇ ਨਾਂ ’ਤੇ ਦੇਸ਼ ਦੇ ਨੌਜਵਾਨਾਂ ਨਾਲ ਧੋਖਾ ਅਤੇ ਕੋਝਾ ਮਜ਼ਾਕ ਕੀਤਾ ਗਿਆ ਹੈ। ਇਸ ਮੌਕੇ ਮਦਨ ਲਾਲ ਹੱਕਲਾ, ਹਰਜੀਤ ਸਿੰਘ ਜਾਡਲੀ, ਅਜੈ ਕੁਮਾਰ ਮੰਗੂਪੁਰ, ਧਰਮਪਾਲ ਭਰਥਲਾ, ਹੀਰਾ ਖੇਪੜ, ਤਿਲਕ ਰਾਜ ਸੂਦ, ਮੋਹਨ ਲਾਲ ਸੰਧੂ, ਸਤੀਸ਼ ਕੁਮਾਰ ਨਈਅਰ, ਤਰਸੇਮ ਲਾਲ ਚੰਦਿਆਣੀ, ਰਾਜਿੰਦਰ ਸਿੰਘ ਸ਼ਿੰਦੀ ਆਦਿ ਆਗੂਆਂ ਨੇ ਵੀ ਅਗਨੀਪਥ ਯੋਜਨਾ ਦੀ ਡਟ ਕੇ ਨਿਖੇਧੀ ਕੀਤੀ।

ਤਰਨ ਤਾਰਨ (ਗੁਰਬ਼ਸ਼ਪੁਰੀ): ਇਥੇ ਕਾਂਗਰਸ ਪਾਰਟੀ ਵਲੋਂ ਕੇਂਦਰ ਸਰਕਾਰ ਦੀ ਅਰਥੀ ਸਾੜੀ ਅਤੇ ਸਕੀਮ ਨੂੰ ਦੇਸ਼ ਦੀ ਸੁਰੱਖਿਆ ਖਿਲਾਫ਼ ਹੋਣ ਕਰਕੇ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ| ਜਿਲ੍ਹਾ ਕਾਂਗਰਸ ਕਮੇਟੀ (ਡੀ ਸੀ ਸੀ) ਦੇ ਪ੍ਰਧਾਨ ਕਿਰਨਜੀਤ ਸਿੰਘ ਮਿੱਠਾ ਦੀ ਅਗਵਾਈ ਵਿੱਚ ਇਥੇ ਕਾਂਗਰਸ ਭਵਨ ਵਿੱਚ ਪਾਰਟੀ ਵਰਕਰਾਂ ਦੀ ਇਕ ਮੀਟਿੰਗ ਨੂੰ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਤੇ ਪਾਰਟੀ ਦੇ ਸੂਬਾ ਆਗੂ ਹਰਸ਼ਰਨ ਸਿੰਘ ਮੱਲ੍ਹਾ ਨੇ ਸੰਬੋਧਨ ਕਰਦਿਆਂ ਅਗਨੀਪਥ ਸਕੀਮ ਨੂੰ ਬੇਰੋਜ਼ਗਾਰ ਨੌਜਵਾਨਾਂ ਨਾਲ ਭੱਦਾ ਮਜ਼ਾਕ ਦੱਸਿਆ|

ਪਠਾਨਕੋਟ (ਐੱਨਪੀ ਧਵਨ): ਅਗਨੀਪਥ ਯੋਜਨਾ ਖਿਲਾਫ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਰਾਕੇਸ਼ ਬਬਲੀ ਅਤੇ ਸੀਨੀਅਰ ਆਗੂ ਆਸ਼ੀਸ਼ ਵਿੱਜ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਰਾਕੇਸ਼ ਬਬਲੀ ਅਤੇ ਸੀਨੀਅਰ ਕਾਂਗਰਸੀ ਆਗੂ ਆਸ਼ੀਸ਼ ਵਿੱਜ ਨੇ ਸੰਬੋਧਨ ਕੀਤਾ।

ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਇਥੇ ਕਾਂਗਰਸ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੇ ਦਿਸ਼ਾ ਨਿਰਦੇਸ਼ਾ ਤੇ ਬਲਾਕ ਪ੍ਰਧਾਨ ਰਣਦੀਪ ਸਿੰਘ ਰਾਣਾ ਦੀ ਅਗਵਾਈ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ ਅਤੇ ਇਸ ਯੋਜਨਾ ਨੂੰ ਵਾਪਿਸ ਲੈਣ ਲਈ ਕਿਹਾ ਗਿਆ।

ਨੌਜਵਾਨਾਂ ਵੱਲੋਂ ਨਕੋਦਰ ’ਚ ਐੱਸਡੀਐੱਮ ਦਫ਼ਤਰ ਦਾ ਘਿਰਾਓ

ਜਲੰਧਰ (ਪਾਲ ਸਿੰਘ ਨੌਲੀ): ਇਥੇ ਪੰਜਾਬ ਕਾਂਗਰਸ ਦੇ ਬੁਲਾਰੇ ਤੇ ਹਲਕਾ ਨਕੋਦਰ ਦੇ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ ਦੀ ਅਗਵਾਈ ਹੇਠ ਨੌਜਵਾਨਾਂ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੀ ਅਗਨੀਪਥ ਯੋਜਨਾ ਦਾ ਵਿਰੋਧ ਕਰਦਿਆਂ ਨਕੋਦਰ ਐੱਸਡੀਐੱਮ ਦਫ਼ਤਰ ਦਾ ਘਿਰਾਓ ਕੀਤਾ। ਕਾਂਗਰਸ ਵਰਕਰਾਂ ਤੇ ਆਗੂਆਂ ਨੇ ਤਿੰਨ ਘੰਟੇ ਤੱਕ ਦਿੱਤੇ ਧਰਨੇ ਦੌਰਾਨ ਕੇਂਦਰ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ। ਮੋਦੀ ਸਰਕਾਰ ਵੱਲੋਂ ਲਿਆਂਦੀ ਅਗਨੀਪਥ ਯੋਜਨਾ ਦਾ ਵਿਰੋਧ ਕਰਨ ਲਈ ਨਕੋਦਰ ਹਲਕੇ ਦੇ ਨੌਜਵਾਨ ਸਾਰੇ ਪਿੰਡਾਂ ’ਚੋਂ ਆਏ ਹੋਏ ਸਨ। ਇਸ ਮੌਕੇ ਡਾ. ਨਵਜੋਤ ਸਿੰਘ ਦਾਹੀਆ ਨੇ ਕਿਹਾ ਕਿ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਦਰਸ਼ਨ ਸਿੰਘ ਟਾਹਲੀ, ਜਸਵੀਰ ਸਿੰਘ ਉੱਪਲ, ਗੁਰਦੀਪ ਸਿੰਘ ਥੰਮਣਵਾਲ, ਚਰਨ ਸਿੰਘ ਰਾਜੋਵਾਲ ਬਲਜੀਤ ਸਿੰਘ, ਟਰੱਕ ਯੂਨੀਅਨ ਦੇ ਸੂਬਾਈ ਪ੍ਰਧਾਨ ਹੈਪੀ ਸੰਧੂ, ਮੁਖਤਿਆਰ ਸਿੰਘ ਹੇਅਰ ਆਦਿ ਹਾਜ਼ਰ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ