ਆਈਜੀ ਦੇ ਭਰੋਸੇ ਬਾਅਦ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਧਰਨਾ ਰੇਲ ਪਟੜੀਆਂ ਤੋਂ ਚੁੱਕਿਆ

ਆਈਜੀ ਦੇ ਭਰੋਸੇ ਬਾਅਦ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਧਰਨਾ ਰੇਲ ਪਟੜੀਆਂ ਤੋਂ ਚੁੱਕਿਆ

ਸਿਮਰਤਪਾਲ ਸਿੰਘ ਬੇਦੀ

ਜੰਡਿਆਲਾ ਗੁਰੂ, 26 ਨਵੰਬਰ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜੰਡਿਆਲਾ ਗੁਰੂ ਰੇਲ ਰੋਕੋ ਅੰਦੋਲਨ ਅੱਜ 64ਵੇਂ ਦਿਨ ਵਿੱਚ ਜਾਰੀ ਰਿਹਾ। ਸਟੇਸ਼ਨ ਤੋਂ ਯਾਤਰੂ ਰੇਲ ਗੱਡੀਆਂ ਨਹੀ ਲੰਘਾਈਆਂ ਜਾਣ ਦੇ ਮਿਲੇ ਭਰੋਸੇ ਤੋਂ ਬਾਅਦ ਸੰਘਰਸ਼ ਕਮੇਟੀ ਨੇ ਰੇਲ ਪਟੜੀਆਂ ਤੋਂ ਧਰਨਾ ਚੁੱਕ ਮੁੜ ਸਟੇਸ਼ਨ ਦੇ ਬਾਹਰ ਧਰਨਾ ਲਗਾ ਦਿੱਤਾ। ਇਸ ਦੇ ਨਾਲ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ ਪਿੰਡਾਂ ਵਿੱਚ ਕੱਲ (27 ਨਵੰਬਰ) ਨੂੰ ਦਿੱਲੀ ਘੇਰਨ ਜਾਣ ਲਈ ਤਿਆਰੀਆਂ ਵੀ ਕਰਵਾਈਆਂ ਅਤੇ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ। ਦਿੱਲੀ ਜਾਣ ਵਾਲੇ ਕਿਸਾਨਾਂ ’ਤੇ ਹਰਿਆਣੇ ਸਰਕਾਰ ਵੱਲੋਂ ਕੀਤੇ ਜਾ ਰਹੇ ਜਬਰ ਦੇ ਖਿਲਾਫ ਅਰਥੀਆਂ ਫੂਕੀਆਂ ਜਾ ਰਹੀਆਂ ਹਨ। ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਆਈਜੀ ਬਾਰਡਰ ਰੇਂਜ ਨੇ ਐੱਸਪੀਐੱਸ ਪਰਮਾਰ ਵੱਟਸਐਪ ਕਰਕੇ ਕਿਹਾ ਹੈ ਕਿ ਜੰਡਿਆਲਾ ਗੁਰੂ ਰੇਲਵੇ ਟਰੈਕ ਤੋਂ ਯਾਤਰੂ ਗੱਡੀਆਂ ਨਹੀਂ ਲੰਘਾਈਆਂ ਜਾਣਗੀਆਂ, ਇਸ ਲਈ ਜਥੇਬੰਦੀ ਨੇ ਫੈਸਲਾ ਕਰਕੇ ਕਿਹਾ ਕਿ ਰੇਲ ਟਰੈਕ ਹੁਣ ਦੋ ਘੰਟੇ ਵੀ ਜਾਮ ਨਹੀ ਕੀਤਾ ਜਾਵੇਗਾ ਪਰ ਰੇਲ ਰੋਕੋ ਅੰਦੋਲਨ ਜੰਡਿਆਲਾ ਗੁਰੂ ਰੇਵੇ ਸਟੇਸ਼ਨ ਦੇ ਬਾਹਰ ਪਾਰਕ ਵਿੱਚ ਜਾਰੀ ਰਹੇਗਾ। ਆਗੂਆਂ ਕਿਹਾ ਕੱਲ੍ਹ ਦੇ ਦਿੱਲੀ ਕੂਚ ਲਈ ਅੱਜ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਕੱਲ੍ਹ ਜਥੇਬੰਦੀ ਵੱਲੋਂ ਅੰਮਿ੍ਤਸਰ ਤੇ ਤਰਨ ਤਾਰਨ ਤੋਂ ਦਿੱਲੀ ਧਰਨੇ ਲਈ ਜਥਾ ਰਵਾਨਾ ਕੀਤਾ ਜਾਵੇਗਾ। ਇਸ ਮੌਕੇ ਗੁਰਮੇਲ ਰੇੜਵਾਂ, ਰਣਜੀਤ ਸਿੰਘ, ਜਰਨੈਲ ਸਿੰਘ, ਮੇਜਰ ਸਿੰਘ, ਹਰਪ੍ਰੀਤ ਸਿੰਘ, ਵੱਸਣ ਸਿੰਘ, ਪ੍ਰਮਜੀਤ ਸਿੰਘ, ਜਗਤਾਰ ਸਿੰਘ, ਕਿਸ਼ਨ ਦੇਵ ਆਦਿ ਆਗੂਆਂ ਨੇ ਸੰਬੋਧਨ ਕੀਤਾ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All