ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਿੰਡ ਕੋਟਲੀ ਗਾਜਰਾਂ ’ਚ ਐਕੁਆਇਰ ਜ਼ਮੀਨ ਦਾ ਕਬਜ਼ਾ ਲਿਆ

ਤਡ਼ਕਸਾਰ ਹੀ ਪੁਲੀਸ ਫੋਰਸ ਨੂੰ ਲੈ ਕੇ ਪ੍ਰਸ਼ਾਸਨ ਨੇ ਕੀਤੀ ਕਾਰਵਾਈ
Advertisement

ਪੰਜਾਬ ਸਰਕਾਰ ਵੱਲੋਂ ਪਿੰਡ ਕੋਟਲੀ ਗਾਜਰਾਂ ਦੇ 16 ਪਰਿਵਾਰਾਂ ਦੀ 30 ਏਕੜ 4 ਕਨਾਲਾਂ 12 ਮਰਲੇ ਐਕੁਆਇਰ ਕੀਤੀ ਜ਼ਮੀਨ ਦਾ ਅੱਜ ਭਾਰੀ ਪੁਲੀਸ ਫੋਰਸ ਨਾਲ ਪ੍ਰਸ਼ਾਸਨ ਨੇ ਕਬਜ਼ਾ ਲੈ ਲਿਆ। ਇਨ੍ਹਾਂ 16 ਪਰਿਵਾਰਾਂ ਵਿੱਚੋ ਕਰੀਬ ਅੱਧੀ ਦਰਜਨ ਪਰਿਵਾਰ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਪੂਰੀ ਸਰਗਰਮੀ ਨਾਲ ਕੰਮ ਕਰਦੇ ਆ ਰਹੇ ਸਨ। ਇਨ੍ਹਾਂ ਵਿੱਚ ਕੁਝ ਤਾਂ ਜ਼ਿਲ੍ਹਾ ਪੱਧਰ ਦੇ ਆਗੂ ਵੀ ਸਨ ਪਰ ਅੱਜ ਜਦੋਂ ਇੰਨ੍ਹਾਂ ਕਿਸਾਨਾਂ ਦੀ ਜ਼ਮੀਨ ਦਾ ਕਬਜ਼ਾ ਲੈਣ ਲਈ ਸਿਵਲ ਤੇ ਪੁਲੀਸ ਅਧਿਕਾਰੀ ਪਹੁੰਚ ਗਏ ਤਾਂ ਇਨ੍ਹਾਂ ਦੀ ਜਥੇਬੰਦੀ ਦਾ ਕੋਈ ਵੀ ਵੱਡਾ ਆਗੂ ਇਨ੍ਹਾਂ ਦੀ ਮਦਦ ਵਾਸਤੇ ਨਹੀਂ ਪਹੁੰਚਿਆ। ਤਹਿਸੀਲਦਾਰ ਸ਼ਾਹਕੋਟ ਮਨਿੰਦਰ ਸਿੰਘ ਸਿੱਧੂ ਅਤੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਸਕੱਤਰ ਤਜਿੰਦਰ ਕੁਮਾਰ ਨੇ ਤੜਕਸਾਰ ਹੀ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਨੂੰ ਨਾਲ ਲੈ ਕੇ ਜ਼ਮੀਨ ਦਾ ਕਬਜ਼ਾ ਲੈਣ ਲਈ ਧਾਵਾ ਬੋਲ ਦਿਤਾ। ਪੁਲੀਸ ਦੀ ਅਗਵਾਈ ਐੱਸਪੀ (ਜਾਂਚ) ਸਰਬਜੀਤ ਰਾਏ, ਐੱਸਪੀ (ਡੀ), ਡੀਐੱਸਪੀ ਸਪੈਸ਼ਲ ਕ੍ਰਾਈਮ ਬ੍ਰਾਂਚ ਰਸ਼ਪਾਲ ਸਿੰਘ, ਡੀਐੱਸਪੀ ਹੈਡਕੁਆਰਟਰ ਰਾਜੇਸ਼ ਕੁਮਾਰ ਅਤੇ ਡੀਐੱਸਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਕਰ ਰਹੇ ਸਨ। ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਕਈ ਥਾਣਿਆਂ, ਪੁਲੀਸ ਲਾਈਨ ਦੀ ਨਫਰੀ ਅਤੇ ਦੰਗਾਂ ਰੋਕੂ ਪੁਲੀਸ ਮੁਲਾਜ਼ਮਾਂ ਦੀ ਵੱਡੀ ਗਿਣਤੀ ਨਾਲ ਜ਼ਮੀਨ ਨੂੰ ਪੁਲੀਸ ਛਾਉਣੀ ਵਿੱਚ ਬਦਲਿਆ ਗਿਆ ਸੀ। ਕਿਸਾਨਾਂ ਦੇ ਕਿਸੇ ਪ੍ਰਕਾਰ ਦੇ ਵਿਰੋਧ ਨੂੰ ਰੋਕਣ ਅਤੇ ਕਿਸੇ ਵੀ ਪਾਸੇ ਤੋਂ ਉਨ੍ਹਾਂ ਦੇ ਦਾਖ਼ਲੇ ਨੂੰ ਰੋਕਣ ਲਈ ਪੁਲੀਸ ਅਧਿਕਾਰੀਆਂ ਨੇ ਰਾਸ਼ਟਰੀ ਹਾਈਵੇਅ ਉੱਪਰ, 2 ਅੰਡਰ ਪੁਲਾਂ ਅਤੇ ਰੇਲਵੇਂ ਲਾਈਨ ਦੇ ਆਲੇ ਦੁਆਲੇ ਵੀ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਸਨ। ਜਿਨ੍ਹਾਂ ਕਿਸਾਨਾਂ ਦੇ ਜ਼ਮੀਨ ਵਿੱਚ ਘਰ ਹਨ ਉਨ੍ਹਾਂ ਨੂੰ ਪੁਲੀਸ ਨੇ ਘਰਾਂ ਤੋਂ ਹੀ ਬਾਹਰ ਨਹੀਂ ਨਿਕਲਣ ਦਿੱਤਾ। ਐਕੁਆਇਰ ਕੀਤੀ ਜ਼ਮੀਨ ਵਿੱਚ ਪ੍ਰਸ਼ਾਸਨ ਵੱਲੋਂ ਹਲਾਂ ਨਾਲ ਜ਼ਮੀਨ ਨੂੰ ਵਾਹੁਣਾ ਸ਼ੁਰੂ ਕੀਤਾ ਗਿਆ। ਜੇਸੀਬੀ ਮਸ਼ੀਨਾਂ ਨਾਲ ਜ਼ਮੀਨ ਦੇ ਆਲੇ ਦੁਆਲੇ ਕੰਡਿਆਲੀ ਤਾਰਾਂ ਲਗਾ ਕੇ ਜ਼ਮੀਨ ਦਾ ਕਬਜ਼ਾ ਲੈ ਲਿਆ ਗਿਆ। ਐਕੁਆਇਰ ਕੀਤੀ ਜ਼ਮੀਨ ਵਿੱਚ ਕਿਸੇ ਵੀ ਕਿਸਾਨ ਦਾ ਘਰ ਤਾਂ ਨਹੀਂ ਆਇਆ ਪਰ ਕਈ ਕਿਸਾਨਾਂ ਦੀ ਸਾਰੀ ਦੀ ਸਾਰੀ ਜ਼ਮੀਨ ਚਲੀ ਗਈ। ਕਬਜ਼ਾ ਲਈ ਜ਼ਮੀਨ ਵਿੱਚ ਇਕ ਕਿਸਾਨ ਦੇ ਕਨਾਲ ਕੁ ਝੋਨੇ ਅਤੇ ਇਕ ਦੇ ਬਾਜਰੇ ਦਾ ਮੁਆਵਜ਼ਾ ਮਾਰਕੀਟ ਕਮੇਟੀ ਵੱਲੋਂ ਦਿਤਾ ਜਾਣਾ ਹੈ। ਕਬਜ਼ਾ ਲੈਣ ਮੌਕੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਬਲਬੀਰ ਸਿੰਘ ਢੰਡੋਵਾਲ, ਮਹਿਤਪੁਰ ਦੇ ਚੇਅਰਮੈਨ ਬਲਕਾਰ ਸਿੰਘ ਚੱਠਾ ਅਤੇ ਇਕ ‘ਆਪ’ ਆਗੂ ਮੌਜੂਦ ਸਨ।

Advertisement
Advertisement