ਬਦਸਲੂਕੀ ਮਾਮਲਾ: ਕਿਸਾਨਾਂ ਨੇ ਥਾਣਾ ਘੇਰਿਆ

ਡੀਐੱਸਪੀ ਨੇ ਦੋ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾਗੁਰਭੇਜ ਸਿੰਘ ਰਾਣਾ

ਬਦਸਲੂਕੀ ਮਾਮਲਾ: ਕਿਸਾਨਾਂ ਨੇ ਥਾਣਾ ਘੇਰਿਆ

ਸ੍ਰੀ ਹਰਗੋਬਿੰਦਪੁਰ, 10 ਅਗਸਤ

ਕਿਸਾਨ ਨਾਲ ਸ਼ਰਾਬ ਦੇ ਨਸ਼ੇ ਵਿਚ ਬਦਸਲੂਕੀ ਕਰਨ ਦੇ ਮਾਮਲੇ ਵਿਚ ਕਿਸਾਨ ਸੰਘਰਸ਼ ਕਮੇਟੀ ਨੇ ਅੱਜ ਇਥੋਂ ਦੇ ਥਾਣੇ ਅੱਗੇ ਧਰਨਾ ਦਿੱਤਾ। ਕਿਸਾਨਾਂ ਦੇ ਸੰਘਰਸ਼ ਨੂੰ ਦੇਖਦਿਆਂ ਡੀਐਸਪੀ ਨੇ ਪੀਸੀਆਰ ਦੇ ਦੋ ਮੁਲਾਜ਼ਮਾਂ ਨੂੰ ਮੁੁਅੱਤਲ ਕਰ ਦਿੱਤਾ ਹੈ। ਕਿਸਾਨ ਸੰਘਰਸ਼ ਕਮੇਟੀ ਜ਼ੋਨ ਦਮਦਮਾ ਸਾਹਿਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਖ਼ਾਨਪੁਰ ਨੇ ਦੱਸਿਆ ਕਿ ਬੀਤੀ ਰਾਤ ਦੋ ਮੁਲਾਜ਼ਮਾਂ ਵੱਲੋਂ ਪਿੰਡ ਕਾਂਗੜਾ ਦੇ ਕਿਸਾਨ ਗੁਰਪਾਲ ਸਿੰਘ ਨਾਲ ਬਦਸਲੂਕੀ ਤੇ ਗਾਲ਼ੀ ਗਲੋਚ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਿਸਾਨ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸ ਨੇ ਪੁਲੀਸ ਮੁਲਾਜ਼ਮਾਂ ਨੂੰ ਖਾਣੇ ਨਾਲ ਸ਼ਰਾਬ ਪਰੋਸਣ ਤੋਂ ਨਾਂਹ ਕਰ ਦਿੱਤੀ ਸੀ।

ਜਾਣਕਾਰੀ ਅਨੁਸਾਰ ਪੀਸੀਆਰ ਦੇ ਮੁਲਾਜ਼ਮਾਂ ਬਲਬੀਰ ਸਿੰਘ ਅਤੇ ਰਣਜੀਤ ਸਿੰਘ ਨੇ ਰਾਤ ਵੇਲੇ ਕਿਸਾਨ ਗੁਰਪਾਲ ਸਿੰਘ ਤੋਂ ਖਾਣਾ ਬਣਾਉਣ ਦੀ ਮੰਗ ਕੀਤੀ। ਪੁਲੀਸ ਮੁਲਾਜ਼ਮ ਦੇਰ ਰਾਤ ਕਿਸਾਨ ਕੋਲ ਆਏ ਤੇ ਉਸ ਵੇਲੇ ਉਹ ਸ਼ਰਾਬ ਨਾਲ ਰੱਜੇ ਹੋਏ ਸਨ। ਉਹ ਖਾਣੇ ਨਾਲ ਸ਼ਰਾਬ ਦੀ ਮੰਗ ਕਰਨ ਲੱਗੇ ਪਰ ਕਿਸਾਨ ਨੇ ਸ਼ਰਾਬ ਪਰੋਸਣ ਤੋਂ ਨਾਂਹ ਕਰ ਦਿੱਤੀ ਜਿਸ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਕਿਸਾਨ ਸੰਘਰਸ਼ ਕਮੇਟੀ ਵੱਲੋਂ ਪ੍ਰਧਾਨ ਗੁਰਪ੍ਰੀਤ ਸਿੰਘ ਖ਼ਾਨਪੁਰ, ਕੁਲਬੀਰ ਸਿੰਘ ਕਾਹਲੋਂ, ਹਰਦੀਪ ਸਿੰਘ ਤਲਵਾੜਾ, ਗੁਰਵਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਪੁਲੀਸ ਥਾਣਾ ਸ੍ਰੀ ਹਰਗੋਬਿੰਦਪੁਰ ਦਾ ਘਿਰਾਓ ਕੀਤਾ ਗਿਆ ਜਿਸ ਤੋਂ ਬਾਅਦ ਡੀਐਸਪੀ ਲਖਬੀਰ ਸਿੰਘ ਵੱਲੋਂ ਦੋਵਾਂ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮੌਕੇ ਕਿਸਾਨ ਹਰਵਿੰਦਰ ਸਿੰਘ ਖੁਜਾਲਾ, ਗੁਰਵਿੰਦਰ ਸਿੰਘ, ਧਰਮਿੰਦਰ ਸਿੰਘ ਚੀਮਾ ਖੁੱਡੀ, ਅਜੈਬ ਸਿੰਘ ਚੀਮਾ ਖੁੱਡੀ, ਮਨਿੰਦਰ ਸਮਸਾ, ਕੁਲਬੀਰ ਸਿੰਘ, ਸਤਨਾਮ ਸਿੰਘ ਮਧਰੇ, ਜਸਵਿੰਦਰ ਸਿੰਘ ਚੌੜੇ, ਸੂਬੇਦਾਰ ਰਛਪਾਲ ਸਿੰਘ ਭਰਥ ਆਦਿ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All