AAP Wins Chairmanship: ਮਹਿਤਪੁਰ ਨਗਰ ਪੰਚਾਇਤ ’ਤੇ ਪਰਚੀ ਵਾਲੇ ਕਾਬਜ਼
‘ਆਪ’ ਦੀ ਪ੍ਰਵੀਨ ਮਹਿਤਾ ਚੇਅਰਪਰਸਨ ਅਤੇ ਕਾਂਗਰਸ ਦੇ ਕਸ਼ਮੀਰੀ ਲਾਲ ਮੀਤ ਪ੍ਰਧਾਨ ਬਣੇ
ਐੱਸ ਡੀ ਐੱਮ ਸਿਮਰਨਜੀਤ ਸਿੰਘ ਦੀ ਨਿਗਰਾਨੀ ਹੇਠ ਅੱਜ ਨਗਰ ਪੰਚਾਇਤ ਮਹਿਤਪੁਰ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਵਿੱਚ ਪਰਚੀ ਨਾਲ ‘ਆਪ’ ਦੀ ਪ੍ਰਵੀਨ ਮਹਿਤਾ ਚੇਅਰਪਰਸਨ ਅਤੇ ਕਾਂਗਰਸ ਦੇ ਕਸ਼ਮੀਰੀ ਲਾਲ ਵਾਈਸ ਪ੍ਰਧਾਨ ਚੁਣੇ ਗਏ। ਚੁਣੇ ਹੋਏ 13 ਕੌਂਸਲਰਾਂ ਨੂੰ ਸਹੁੰ ਚੁਕਾਉਣ ਉਪਰੰਤ ਚੋਣ ਪ੍ਰਕਰਿਆ ਸ਼ੁਰੂ ਕੀਤੀ ਗਈ।
ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਨਗਰ ਪੰਚਾਇਤ ਦੀਆਂ ਹੋਈਆਂ ਚੋਣਾਂ ਵਿੱਚ ਕਾਂਗਰਸ ਦੇ 7, ‘ਆਪ’ ਦੇ 2, ਆਜ਼ਾਦ 2 ਅਤੇ ਸ਼੍ਰੋਮਣੀ ਅਕਾਲੀ ਦਲ ਦੇ 2 ਉਮੀਦਵਾਰ ਜਿੱਤ ਕੇ ਕੌਂਸਲਰ ਬਣੇ ਸਨ। 7 ਕੌਂਸਲਰਾਂ ਅਤੇ ਅਤੇ ਹਲਕਾ ਵਿਧਾਇਕ ਦੀ ਵੋਟ ਸਣੇ ਕਾਂਗਰਸ ਦਾ ਪ੍ਰਧਾਨ ਅਤੇ ਮੀਤ ਪ੍ਰਧਾਨ ਚੁਣੇ ਜਾਣਾ ਯਕੀਨੀ ਲੱਗ ਰਿਹਾ ਸੀ। ਬੀਤੀ ਰਾਤ ਕਾਂਗਰਸ ਦੀ ਕੌਂਸਲਰ ਪ੍ਰਵੀਨ ਮਹਿਤਾ ਬਾਗੀ ਹੋ ਕੇ ‘ਆਪ’ ਦੇ ਖੇਮੇ ਵਿਚ ਚਲੇ ਗਈ। ‘ਆਪ’ ਨੇ ਬਾਗੀ ਕਾਂਗਰਸੀ ਨੂੰ ਪ੍ਰਧਾਨਗੀ ਦਾ ਉਮੀਦਵਾਰ ਐਲਾਨ ਦਿੱਤਾ। ਅੱਜ ਹੋਈ ਚੋਣ ਵਿਚ ‘ਆਪ’ ਦੇ 2, 2 ਆਜ਼ਾਦ ਅਤੇ 2 ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਦੇ ਸਮਰਥਨ ਨਾਲ ਪ੍ਰਵੀਨ ਮਹਿਤਾ ਦੇ ਧੜੇ ਅਤੇ ਕਾਂਗਰਸ ਦੇ 6 ਕੌਂਸਲਰਾਂ ਤੇ ਵਿਧਾਇਕ ਦੀ ਵੋਟ ਨਾਲ 7-7 ਵੋਟਾਂ ਨਾਲ ਚੋਣ ਬਰਾਬਰੀ ’ਤੇ ਆ ਗਈ। ਇਸ ਸਥਿਤੀ ਵਿਚ ਚੋਣ ਪਰਚੀ ਨਾਲ ਕਰਵਾਉਣ ਦੀ ਸਹਿਮਤੀ ਬਣ ਗਈ। ਪਰਚੀ ਨਾਲ ਕੀਤੀ ਗਈ ਚੋਣ ਵਿਚ ਪ੍ਰਵੀਨ ਮਹਿਤਾ ਚੇਅਰਪਰਸਨ ਅਤੇ ਕਾਂਗਰਸ ਦੇ ਕਸ਼ਮੀਰੀ ਲਾਲ ਮੀਤ ਪ੍ਰਧਾਨ ਚੁਣੇ ਗਏ। ਚੋਣ ਪ੍ਰਕਿਰਿਆ ਮੌਕੇ ਕਾਰਜਸਾਧਕ ਅਫਸਰ ਜਗਤਾਰ ਸਿੰਘ, ਕੌਂਸਲਰ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਹਾਜ਼ਰ ਸਨ। ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਤੋਂ ਬਾਅਦ ‘ਆਪ’ ਦੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਨੇ ਸਮਰਥਕਾਂ ਨਾਲ ਜਿੱਤ ਦੇ ਜਸ਼ਨ ਮਨਾਏ।

