
ਆਂਗਣਵਾੜੀ ਕੇਂਦਰ ਦਾ ਨੀਂਹ ਪੱਥਰ ਰੱਖਦੇ ਹੋਏ ਮੰਤਰੀ ਹਰਭਜਨ ਸਿੰਘ ਈਟੀਓ। -ਫੋਟੋ: ਬੇਦੀ
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 18 ਮਾਰਚ
ਇੱਥੋਂ ਨੇੜਲੇ ਪਿੰਡ ਦੇਵੀਦਾਸਪੁਰਾ ਤੇ ਚੌਹਾਨ ਵਿੱਚ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਦੋ ਆਂਗਣਵਾੜੀ ਸੈਂਟਰਾਂ ਦਾ ਨੀਂਹ ਪੱਥਰ ਰੱਖਿਆ ਤੇ ਸਰਕਾਰੀ ਹਾਈ ਸਕੂਲ ਦੇਵੀਦਾਸ ਪੁਰਾ ਵਿੱਚ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਇਸ ਮੌਕੇ ਮੰਤਰੀ ਈਟੀਓ ਨੇ ਕਿਹਾ ‘ਆਪ’ ਸਰਕਾਰ ਨੇ ਪਹਿਲੇ ਸਾਲ ਤੋਂ ਹੀ ਚੋਣਾਂ ਦੌਰਾਨ ਜੋ ਗਾਰੰਟੀਆਂ ਪੰਜਾਬ ਦੇ ਲੋਕਾਂ ਨਾਲ ਕੀਤੀਆਂ ਸਨ, ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲੀ ਗਾਰੰਟੀ ਪੂਰੀ ਕਰਦੇ ਹੋਏ ਪੰਜਾਬ ਦੇ 90 ਫ਼ੀਸਦੀ ਖ਼ਪਤਕਾਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਹੇ ਹਨ। ਸ੍ਰੀ ਈਟੀਓ ਨੇ ਕਿਹਾ ਸਕੂਲੀ ਪੱਧਰ ਨੂੰ ਕੌਮਾਂਤਰੀ ਪੱਧਰ ਦਾ ਬਣਾਉਣ ਲਈ 100 ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ। ਜਿੱਥੇ ਬੱਚਿਆਂ ਦੀ ਕਰੀਅਰ ਗਾਈਡੈਂਸ ਦੇ ਕੇ ਉਨ੍ਹਾਂ ਦੇ ਪਸੰਦ ਦੇ ਵਿਸ਼ੇ ਪੜ੍ਹਾਏ ਜਾਣਗੇ। ਉਨ੍ਹਾਂ ਦੱਸਿਆ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦਾ ਨਾਂ ਸੁਤੰਤਰਤਾ ਸੈਨਾਨੀਆਂ, ਮਹਾਨ ਸ਼ਖ਼ਸੀਅਤਾਂ ਦੇ ਨਾਮ ’ਤੇ ਰੱਖਣ ਦਾ ਫ਼ੈਸਲਾ ਵੀ ਕੀਤਾ ਹੈ।
ਲੋਕ ਨਿਰਮਾਣ ਮੰਤਰੀ ਨੇ ਦੱਸਿਆ ਅਪਰੈਲ 2022 ਤੋਂ ਨਵੰਬਰ 2022 ਦੇ ਦੌਰਾਨ ਪੀਐਮਜੀਐਸਵਾਈ ਦੇ ਤਹਿਤ 335 ਕਿਲੋਮੀਟਰ ਪੇਂਡੂ ਸੜਕਾਂ ਨੂੰ 221.76 ਕਰੋੜ ਰੁਪਏ ਦੀ ਲਾਗਤ ਨਾਲ ਮੁਰੰਮਤ/ਅਪਗ੍ਰੇਡ ਕੀਤਾ ਗਿਆ ਹੈ। 1047.61 ਕਰੋੜ ਰੁਪਏ ਦੀ ਲਾਗਤ ਨਾਲ 1464 ਕਿਲੋਮੀਟਰ ਸੜਕਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ।
ਇਸ ਮੌਕੇ ਸਤਿੰਦਰ ਸਿੰਘ, ਸੁਖਵਿੰਦਰ ਸਿੰਘ, ਸੂਬੇਦਾਰ ਸ਼ਨਾਖ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ