ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 27 ਨਵੰਬਰ
ਇੱਥੋਂ ਦੀ ਪੁਲੀਸ ਲਾਈਨ ਰੋਡ ਤੋਂ ਲੰਘ ਰਹੇ ਫਲਾਂ ਨਾਲ ਭਰੇ ਵਾਹਨ (ਛੋਟੇ ਹਾਥੀ) ਨੂੰ ਅਚਾਨਕ ਅੱਗ ਲੱਗ ਗਈ। ਚਾਲਕ ਅਤੇ ਉਸ ਦੇ ਸਹਾਇਕ ਨੇ ਵਾਹਨ ’ਚੋਂ ਛਾਲ ਮਾਰ ਕੇ ਜਾਨ ਬਚਾਈ। ਇਸ ਵਾਹਨ ਨੂੰ ਚਲਾ ਰਹੇ ਚੱਗੂ ਵਾਸੀ ਬਟਾਲਾ ਨੇ ਦੱਸਿਆ ਕਿ ਉਹ ਕਿਰਾਏ ’ਤੇ ਛੋਟੇ ਹਾਥੀ ’ਤੇ ਫਲ ਵੇਚਣ ਦੇ ਕੰਮ ਕਰਦਾ ਹੈ। ਰੋਜ਼ ਦੀ ਤਰ੍ਹਾਂ ਉਹ ਸ਼ੁੱਕਰਵਾਰ ਵੀ ਗੁਰਦਾਸਪੁਰ ਫਲ ਵੇਚ ਰਿਹਾ ਸੀ ਕਿ ਪੁਲੀਸ ਲਾਈਨ ਰੋਡ ਤੋਂ ਲੰਘਦਿਆਂ ਪਾਣੀ ਦੀ ਟੈਂਕੀ ਨੇੜੇ ਵਾਹਨ ਨੂੰ ਅਚਾਨਕ ਅੱਗ ਲੱਗ ਗਈ ਜੋ ਵੇਖਦੇ-ਵੇਖਦੇ ਪੂਰੇ ਵਾਹਨ ਵਿੱਚ ਫੈਲ ਗਈ। ਉਸ ਨੇ ਅਤੇ ਉਸ ਦੇ ਸਹਾਇਕ ਨੇ ਗੱਡੀ ਰੋਕ ਕੇ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ।
ਮੌਕੇ ’ਤੇ ਮੌਜੂਦ ਲੋਕਾਂ ਨੇ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਥੋੜ੍ਹੀ ਦੇਰ ਵਿਚ ਹੀ ਮੌਕੇ ’ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਵਾਹਨ ਦਾ ਕਾਫ਼ੀ ਨੁਕਸਾਨ ਹੋ ਚੁੱਕਾ ਸੀ।