ਪੱਤਰ ਪ੍ਰੇਰਕ
ਪਠਾਨਕੋਟ, 22 ਦਸੰਬਰ
ਥਾਣਾ ਡਵੀਜ਼ਨ ਨੰਬਰ 1 ਦੀ ਪੁਲੀਸ ਨੇ ਇੱਕ ਨਾਬਾਲਗ ਲੜਕੀ ਨਾਲ ਜਬਰਜਨਾਹ ਕਰਨ ਦੇ ਜੁਰਮ ਵਿੱਚ ਦੋ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਇਹ ਮਾਮਲਾ ਬਾਵਿਆਂ ਮੁਹੱਲੇ ਦੀ ਇੱਕ ਨਾਬਾਲਿਗ ਲੜਕੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ। ਦੋਹਾਂ ਮੁਲਜ਼ਮਾਂ ਦੇ ਨਾਂ ਅਭਿਸ਼ੇਕ ਤੇ ਮਨੀਸ਼ ਦੱਸੇ ਜਾ ਰਹੇ ਹਨ। ਪੁਲੀਸ ਨੂੰ ਕੀਤੀ ਸ਼ਿਕਾਇਤ ਵਿੱਚ ਪੀੜਤ ਲੜਕੀ ਨੇ ਦੱਸਿਆ ਕਿ ਉਸ ਦੀ ਉਮਰ 15 ਸਾਲ ਹੈ ਤੇ ਘਰੇਲੂ ਕੰਮਕਾਜ ਕਰਦੀ ਹੈ। ਉਸ ਨੂੰ ਰਾਤ 8 ਵਜੇ ਦੇ ਕਰੀਬ ਉਸ ਦੇ ਹੀ ਮੁਹੱਲੇ ਦਾ ਲੜਕਾ ਵਰੁਣ ਪੁੱਤਰ ਸੋਮੀਗਿਰ ਘਰ ਬੁਲਾਉਣ ਆਇਆ ਕਿ ਉਸ ਦੀ ਭਰਜਾਈ ਮਨੀਸ਼ਾ ਬੁਲਾ ਰਹੀ ਹੈ। ਉਹ ਵਰੁਣ ਦੇ ਕਹਿਣ ’ਤੇ ਮਨੀਸ਼ਾ ਦੇ ਘਰ ਵੱਲ ਚਲੀ ਗਈ ਜਦ ਮਨੀਸ਼ਾ ਦੇ ਘਰ ਕੋਲ ਪੁੱਜੀ ਤਾਂ ਅੱਗੇ ਗੇਟ ਕੋਲ ਉਕਤ ਦੋਹੇਂ ਵਿਅਕਤੀ ਖੜ੍ਹੇ ਸਨ। ਜੋ ਉਸ ਫੜ ਕੇ ਕਮਰੇ ਵਿੱਚ ਲੈ ਗਏ ਤੇ ਉਸ ਨਾਲ ਜਬਰਜਨਾਹ ਕੀਤਾ। ਉਕਤ ਮੁਲਜ਼ਮਾਂ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇ ਕਿਸੇ ਨਾਲ ਗੱਲ ਕੀਤੀ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਣਗੇ। ਥਾਣੇ ਦੀ ਸਬ ਇੰਸਪੈਕਟਰ ਰੁਪਿੰਦਰਜੀਤ ਕੌਰ ਨੇ ਦੱਸਿਆ ਕਿ ਪੀੜਤ ਲੜਕੀ ਦੇ ਬਿਆਨਾਂ ਤੇ ਦੋਵਾਂ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਦਿੱਤਾ ਹੈ ਤੇ ਦੋਹਾਂ ਨੂੰ ਕਾਬੂ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।
ਫੁੱਫੜ ਵੱਲੋਂ 18 ਮਹੀਨਿਆਂ ਦੀ ਬੱਚੀ ਨਾਲ ਜਬਰ-ਜਨਾਹ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਦਕੋਹਾ ਵਿਚ ਵਾਪਰੀ ਦਿਲ-ਕੰਬਾਊ ਘਟਨਾ ਵਿਚ ਰਿਸ਼ਤੇ ਵਿਚ ਫੁੱਫੜ ਲਗਦੇ ਵਿਅਕਤੀ ਨੇ 18 ਮਹੀਨਿਆਂ ਦੀ ਬੱਚੀ ਨਾਲ ਜਬਰ ਜਨਾਹ ਕੀਤਾ। ਜਾਣਕਾਰੀ ਮੁਤਾਬਕ ਦਕੋਹਾ ਦੇ ਰਹਿਣ ਵਾਲੇ ਵਿਅਕਤੀ ਕੋਲ ਉਸ ਦਾ ਜੀਜਾ ਉਸ ਨੂੰ ਮਿਲਣ ਲਈ ਆਇਆ ਸੀ। ਪਰਿਵਾਰ ਵਾਲੇ ਕਿਸੇ ਕੰਮ ਲਈ ਬਾਹਰ ਚਲੇ ਗਏ ਤੇ ਛੋਟੀ ਬੱਚੀ ਨੂੰ ਇਸ ਭਰੋਸੇ ਨਾਲ ਫੁੱਫੜ ਕੋਲ ਘਰ ਛੱਡ ਗਏ ਕਿ ਉਸ ਕੋਲ ਬੱਚੀ ਸੁਰੱਖਿਅਤ ਰਹੇਗੀ। ਪੁਲੀਸ ਨੇ ਦੱਸਿਆ ਕਿ ਜਦੋਂ ਪਰਿਵਾਰ ਵਾਲੇ ਘਰ ਵਾਪਸ ਆਏ ਤਾਂ ਉਨ੍ਹਾਂ ਨੂੰ ਬੱਚੀ ਦੇ ਚੀਕਣ ਦੀਆਂ ਆਵਾਜ਼ਾਂ ਸੁਣੀਆਂ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਦੇਖਿਆ ਕਿ ਬੱਚੀ ਦਾ ਫੁੱਫੜ ਉਸ ਨਾਲ ਗਲਤ ਹਰਕਤਾਂ ਕਰ ਰਿਹਾ ਸੀ। ਸਬ ਇੰਸਪੈਕਟਰ ਮਨਜੀਤ ਕੌਰ ਨੇ ਦੱਸਿਆ ਕਿ ਬੱਚੀ ਦੀ ਹਾਲਤ ਗੰਭੀਰ ਹੈ ਤੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲੀਸ ਦੋਸ਼ੀ ਦੀ ਭਾਲ ਵਿਚ ਛਾਪੇ ਮਾਰ ਰਹੀ ਹੈ।