ਪੱਤਰ ਪ੍ਰੇਰਕ
ਤਰਨ ਤਾਰਨ, 15 ਸਤੰਬਰ
ਝਬਾਲ ਇਲਾਕੇ ਦੇ ਪਿੰਡ ਪੱਧਰੀ ਕਲਾਂ ਵਿੱਚ ਗੋਲੀ ਚੱਲਣ ਦੀ ਘਟਨਾ ਵਿੱਚ ਪਿੰਡ ਵਾਸੀ ਸਲਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ| ਝਬਾਲ ਪੁਲੀਸ ਨੇ ਇਸ ਸਬੰਧੀ ਕਾਂਗਰਸ ਪਾਰਟੀ ਨਾਲ ਸਬੰਧਤ ਪਿੰਡ ਦੀ ਸਰਪੰਚ ਦੇ ਪਤੀ ਦਿਲਬਾਗ ਸਿੰਘ, ਉਸ ਦੇ ਪੁੱਤਰ ਜਗਨਦੀਪ ਸਿੰਘ, ਉਨ੍ਹਾਂ ਦੇ ਹਮਾਇਤੀ ਗੁਰਦੇਵ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਹੈ| ਜ਼ਖ਼ਮੀ ਹੋਏ ਸਲਵਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੇ 13 ਸਤੰਬਰ ਦੀ ਰਾਤ ਵੇਲੇ ਉਸ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ| ਸਲਵਿੰਦਰ ਸਿੰਘ ਹਾਕਮ ਧਿਰ ਆਮ ਆਦਮੀ ਪਾਰਟੀ ਦਾ ਸਮਰਥਕ ਹੈ| ਏਐੱਸਆਈ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ| ਦਿਲਬਾਗ ਸਿੰਘ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਖਿਲਾਫ਼ ਪਿਛਲੇ ਸਾਲ ਵੀ ਅਜਿਹਾ ਹੀ ਕੇਸ ਦਰਜ ਕੀਤਾ ਗਿਆ ਸੀ| ਸਲਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਸ ਵੱਲੋਂ ਪਿੰਡ ਦੀ ਪੰਚਾਇਤ ਦੇ ਫੰਡਾਂ ਵਿੱਚ ਕੀਤੀ ਕਥਿਤ ਗੜਬੜ ਖ਼ਿਲਾਫ਼ ਸ਼ਿਕਾਇਤ ਕਰਕੇ ਮਾਮਲੇ ਦੀ ਜਾਂਚ ਕਰਵਾਈ ਗਈ ਸੀ ਜਿਸ ਤੋਂ ਗੁੱਸੇ ਵਿੱਚ ਆ ਕੇ ਸਰਪੰਚ ਦੇ ਪਰਿਵਾਰ ਵੱਲੋਂ ਉਸ ’ਤੇ ਹਮਲਾ ਕੀਤਾ ਗਿਆ ਹੈ| ਸਲਵਿੰਦਰ ਸਿੰਘ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਵਿੱਚ ਦਾਖ਼ਲ ਹੈ|