ਅੰਮ੍ਰਿਤਸਰ (ਟ੍ਰਿਬਿਉੂਨ ਨਿਉੂਜ਼ ਸਰਵਿਸ): ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲੀਸ ਨੇ ਦਿਹਾਤੀ ਖੇਤਰ ਵਿੱਚ ਵੱਖ-ਵੱਖ ਮਾਮਲਿਆਂ ਵਿੱਚ ਨਾਮਜ਼ਦ ਸੱਤ ਕਥਿਤ ਤਸਕਰਾਂ ਦੀ 4.11 ਕਰੋੜ ਰੁਪਏ ਦੀ ਚੱਲ-ਅਚੱਲ ਜਾਇਦਾਦ ਫ੍ਰੀਜ਼ (ਜ਼ਬਤ) ਕਰ ਲਈ ਹੈ। ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਧਨੋਆ ਖੁਰਦ ਦੇ ਦਰਬਾਰਾ ਸਿੰਘ ਉਰਫ਼ ਬਾੜਾ, ਧਨੋਆ ਖੁਰਦ ਦੇ ਦਲਬੀਰ ਸਿੰਘ, ਕੱਕੜ ਪਿੰਡ ਦੇ ਬਿਕਰਮਜੀਤ ਸਿੰਘ ਉਰਫ਼ ਬਿੱਕਰ, ਧਨੋਏ ਕਲਾਂ ਦੇ ਤਸਬੀਰ ਸਿੰਘ, ਚੀਚਾ ਪਿੰਡ ਦੇ ਗੁਰਮਿੰਦਰ ਸਿੰਘ , ਗੋਲਡਨ ਗੇਟ ਨੇੜੇ ਬਾਬਾ ਬੁੱਢਾ ਐਵੀਨਿਊ ਦੇ ਨਵਜੋਤ ਸਿੰਘ ਅਤੇ ਮਜੀਠਾ ਰੋਡ ਦੇ ਸੰਮੀ ਕੁਮਾਰ ਉਰਫ਼ ਪਰਧਾਨ ਸ਼ਾਮਲ ਹਨ।ਇਨ੍ਹਾਂ ਵਿਚ ਸ਼ਾਮਲ ਬਿਕਰਮਜੀਤ ਸਿੰਘ ਨੂੰ 2012 ਵਿੱਚ ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ ਨੇ ਕਾਬੂ ਕੀਤਾ ਸੀ ਅਤੇ 2021 ਵਿਚ ਉਸ ਖਿਲਾਫ ਇੱਕ ਹੋਰ ਕੇਸ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਉਸਦਾ ਇੱਕ ਦੋ ਮੰਜ਼ਿਲਾ ਮਕਾਨ, 132 ਕਨਾਲ ਤੋਂ ਵੱਧ ਖੇਤੀ ਵਾਲੀ ਜ਼ਮੀਨ, ਇੱਕ ਵਪਾਰਕ ਪਲਾਟ, ਇੱਕ ਕਾਰ ਜ਼ਬਤ ਕੀਤੀ ਹੈ। ਇਸੇ ਤਰ੍ਹਾਂ ਦਲਬੀਰ ਸਿੰਘ ਨੂੰ 2022 ਵਿੱਚ 10 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਨੇ ਉਸ ਦਾ 1.35 ਕਰੋੜ ਰੁਪਏ ਦਾ ਰਿਹਾਇਸ਼ੀ ਮਕਾਨ ਫ੍ਰੀਜ਼ ਕੀਤਾ। ਗੁਰਮਿੰਦਰ ਸਿੰਘ ਉਰਫ ਲਾਲੀ ਨੂੰ 2014 ਵਿੱਚ ਐਸ.ਐਸ.ਓ.ਸੀ. ਨੇ 9.6 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਨੇ ਉਸਦੇ ਰਿਹਾਇਸ਼ੀ ਮਕਾਨ ਜਿਸ ਦੀ ਕੀਮਤ 28.65 ਲੱਖ ਰੁਪਏ ਸੀ , ਨੂੰ ਫ੍ਰੀਜ਼ ਕੀਤਾ ਹੈ। ਦਰਬਾਰਾ ਸਿੰਘ ਨੂੰ 2011 ਵਿੱਚ 6 ਕਿਲੋ ਹੈਰੋਇਨ ਅਤੇ 1 ਪਿਸਤੌਲ ਸਮੇਤ ਕਾਬੂ ਕੀਤਾ ਗਿਆ ਸੀ। ਪੁਲੀਸ ਨੇ ਉਸ ਦਾ 9.37 ਲੱਖ ਰੁਪਏ ਦਾ ਰਿਹਾਇਸ਼ੀ ਮਕਾਨ ਫ੍ਰੀਜ਼ ਕੀਤਾ ਹੈ। ਇਸੇ ਤਰ੍ਹਾਂਂ ਹੋਰਨਾਂ ਦੀ ਚੱਲ-ਅਚੱਲ ਜਾਇਦਾਦ ਫ੍ਰੀਜ ਕੀਤੀ ਹੈ।