ਦੇਵੀਦਾਸ ਪੁਰ ’ਚ ਕਬੂਤਰਾਂ ਦੇ ਖੁੱਡੇ ’ਚੋਂ 23 ਕਿਲੋ ਹੈਰੋਇਨ ਬਰਾਮਦ
ਜੰਡਿਆਲਾ ਗੁਰੂ (ਸਿਮਰਤ ਪਾਲ ਸਿੰਘ ਬੇਦੀ): ਇਥੋਂ ਨਜ਼ਦੀਕੀ ਪਿੰਡ ਦੇਵੀਦਾਸ ਪੁਰ ਵਿੱਚ ਨਸ਼ਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਦੇ ਸੀਆਈਏ ਸਟਾਫ ਨੇ ਘਰ ਵਿੱਚੋਂ 23 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਨੇ ਕਿਹਾ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸੀਆਈਏ ਸਟਾਫ ਅੰਮ੍ਰਿਤਸਰ ਦਿਹਾਤੀ ਨੇ 23 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਸੀਆਈਏ ਸਟਾਫ, ਅੰਮ੍ਰਿਤਸਰ ਦਿਹਾਤੀ ਨੂੰ ਸੂਚਨਾ ਮਿਲੀ ਸੀ ਕਿ ਸਾਹਿਲਪ੍ਰੀਤ ਸਿੰਘ ਉਰਫ਼ ਕਰਨ ਪਿੰਡ ਦੇਵੀਦਾਸ ਪੁਰਾ ਦਾ ਰਹਿਣ ਵਾਲਾ ਹੈ। ਉਹ ਅਮਰੀਕਾ ਬੈਠੇ ਨਸ਼ਾ ਤਸਕਰ ਜਸਮੀਤ ਸਿੰਘ ਉਰਫ਼ ਲੱਕੀ ਵੱਲੋਂ ਸਰਹੱਦ ਪਾਰੋਂ ਮੰਗਵਾਈ ਹੈਰੋਇਨ ਨੂੰ ਅੱਗੇ ਦੂਜੇ ਨਸ਼ਾ ਤਸਕਰਾਂ ਨੂੰ ਸਪਲਾਈ ਕਰਦਾ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਸੂਚਨਾ ਮਿਲਣ ’ਤੇ ਪੁਲੀਸ ਨੇ ਘਰ ਵਿੱਚ ਬਣੇ ਕਬੂਤਰਾਂ ਦੇ ਖੁੱਡੇ ਵਿੱਚੋਂ ਹੈਰੋਇਨ ਬਰਾਮਦ ਕੀਤੀ, ਜਿਸ ਦਾ ਵਜ਼ਨ 23 ਕਿਲੋ ਸੀ। ਇਸ ਦੌਰਾਨ ਸਾਹਿਲ ਘਰ ਵਿੱਚ ਨਹੀਂ ਮਿਲਿਆ। ਉਸ ਨੂੰ ਲੱਭਣ ਲਈ ਪੁਲੀਸ ਦੀਆਂ ਟੀਮਾਂ ਛਾਪੇ ਮਾਰ ਰਹੀਆਂ ਹਨ।