
ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਤੇ ਹੋਰ ਮੈਂਬਰ ਬਜਟ ਦੀ ਕਾਪੀ ਦਿਖਾਉਂਦੇ ਹੋੲੇ।
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 25 ਮਾਰਚ
ਸਿੱਖ ਸੰਸਥਾ ਚੀਫ਼ ਖਾਲਸਾ ਦੀਵਾਨ ਨੇ ਵਿੱਤੀ ਵਰ੍ਹੇ 2023-24 ਲਈ ਲਗਪਗ 157 ਕਰੋੜ 35 ਲੱਖ ਰੁਪਏ ਦਾ ਸਾਲਾਨਾ ਬਜਟ ਪਾਸ ਕੀਤਾ ਹੈ। ਬਚਟ ਵਿੱਚ ਦੀਵਾਨ ਦੇ ਸਕੂਲਾਂ ਦੇ ਵਿਕਾਸ ਲਈ 38 ਕਰੋੜ ਰੁਪਏ ਰੱਖੇ ਗਏ ਹਨ। ਜਾਣਕਾਰੀ ਅਨੁਸਾਰ ਦੀਵਾਨ ਦਾ ਬਜਟ ਇਜਲਾਸ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਬੁਲਾਇਆ ਗਿਆ। ਇਸ ਸਬੰਧ ਵਿਚ ਪਹਿਲਾਂ ਕਾਰਜ ਸਾਧਕ ਕਮੇਟੀ ਦੀ ਮੀਟਿੰਗ ਹੋਈ ਤੇ ਬਾਅਦ ਵਿਚ ਆਮ ਇਜਲਾਸ ਵਿੱਚ ਬਜਟ ਪਾਸ ਕੀਤਾ ਗਿਆ। ਬਜਟ ਇਜਲਾਸ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕੀਤੀ। ਇਸ ਮੌਕੇ ਸੰਸਥਾ ਦੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਮਤੇ ਪੇਸ਼ ਕੀਤੇ ਅਤੇ ਬਜਟ ਪੜ੍ਹਿਆ। ਵਿੱਤੀ ਵਰ੍ਹੇ ਦੇ ਬਜਟ ਬਾਰੇ ਡਾ. ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਵਿੱਤੀ ਵਰ੍ਹੇ 2023-24 ਵਾਸਤੇ ਅਨੁਮਾਨਤ 157 ਕਰੋੜ 35 ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੀਫ਼ ਖਾਲਸਾ ਦੀਵਾਨ ਦੀ ਆਮਦਨ ਵਿਚ ਪਿਛਲੇ ਵਰ੍ਹੇ ਨਾਲੋਂ 15 ਫ਼ੀਸਦ ਵਾਧਾ ਹੋਇਆ ਹੈ।
ਦੀਵਾਨ ਦੀ ਵਿੱਤ ਕਮੇਟੀ ਦੇ ਮੈਂਬਰ ਅਜੀਤਪਾਲ ਸਿੰਘ ਅਨੇਜਾ ਨੇ ਦੱਸਿਆ ਕਿ ਇਸ ਵਿੱਤੀ ਵਰ੍ਹੇ ਦੌਰਾਨ ਦੀਵਾਨ ਵੱਲੋਂ ਨਵੇਂ ਸਕੂਲ ਖੋਲ੍ਹਣ ਵਾਸਤੇ ਜ਼ਮੀਨ ਖਰੀਦਣ ਲਈ, ਸਕੂਲਾਂ ਦੀਆਂ ਨਵੀਆਂ ਇਮਾਰਤਾਂ ਬਣਾਉਣ ਅਤੇ ਸਕੂਲਾਂ ਵਿਚ ਵਿਕਾਸ ਤੇ ਵਿਸਥਾਰ ਲਈ 38 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ। ਧਰਮ ਪ੍ਰਚਾਰ ਲਈ 44 ਲੱਖ ਰੁਪਏ ਅਤੇ ਆਦਰਸ਼ ਸਕੂਲਾਂ ਵਾਸਤੇ ਇਕ ਕਰੋੜ 52 ਲੱਖ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਬਜਟ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ ਹੈ। ਬਜਟ ਇਜਲਾਸ ਵਿਚ ਸੰਸਥਾ ਦੇ ਸਰਪ੍ਰਸਤ ਰਾਜਮਹਿੰਦਰ ਸਿੰਘ ਮਜੀਠਾ, ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ, ਸਥਾਨਕ ਪ੍ਰਧਾਨ ਸੰਤੋਖ ਸਿੰਘ ਸੇਠੀ, ਮੀਤ ਪ੍ਰਧਾਨ ਅਮਰਜੀਤ ਸਿੰਘ ਤੇ ਜਗਜੀਤ ਸਿੰਘ ਸਮੇਤ ਸੰਸਥਾ ਦੇ ਲਗਭਗ ਸੌ ਮੈਂਬਰ ਹਾਜ਼ਰ ਸਨ। ਇਜਲਾਸ ਵਿਚ ਦੀਵਾਨ ਦੇ 5 ਮੈਂਬਰਾਂ ਦੀ ਮੁੱਢਲੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ। ਇਨ੍ਹਾਂ ਮੈਂਬਰਾਂ ਵਿੱਚ ਪ੍ਰੋ. ਬਲਜਿੰਦਰ ਸਿੰਘ, ਅਵਤਾਰ ਸਿੰਘ, ਹਰਕੰਵਲ ਸਿੰਘ, ਨਵਦੀਪ ਸਿੰਘ ਅਤੇ ਅਮਰਜੀਤ ਸਿੰਘ ਸ਼ਾਮਲ ਹਨ, ਜਿਨ੍ਹਾਂ ਖ਼ਿਲਾਫ਼ ਸਿੱਖ ਸੰਸਥਾ ਵਿਰੁਧ ਕੂੜ ਪ੍ਰਚਾਰ ’ਤੇ ਦੋਸ਼ ਲੱਗੇ ਹਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ