ਕਰੋਨਾ ਕਾਰਨ 1 ਮੌਤ, 15 ਨਵੇਂ ਪਾਜ਼ੇਟਿਵ ਕੇਸ

* ਹੁਸ਼ਿਆਰਪੁਰ ’ਚ ਅੱਜ ਤਿੰਨ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ; * ਸ਼ਾਹਕੋਟ ਵਿੱਚ ਕਰੋਨਾ ਦੇ 7 ਨਵੇਂ ਮਾਮਲੇ

ਕਰੋਨਾ ਕਾਰਨ 1 ਮੌਤ, 15 ਨਵੇਂ ਪਾਜ਼ੇਟਿਵ ਕੇਸ

ਸਿਵਲ ਹਸਪਤਾਲ ਜਲੰਧਰ ਵਿੱਚੋਂ ਠੀਕ ਹੋ ਕੇ ਲੋਕ ਘਰਾਂ ਨੂੰ ਜਾਂਦੇ ਹੋਏ। ਫੋਟੋ: ਮਲਕੀਅਤ ਸਿੰਘ

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਜੁਲਾਈ

ਕਰੋਨਾ ਮਹਾਂਮਾਰੀ ਦੇ ਚੱਲਦਿਆਂ ਅੱਜ ਇਥੇ ਸ਼ਹਿਰ ਵਿੱਚ ਇਕ ਹੋਰ ਕਰੋਨਾ ਪੀੜਤ ਦੀ ਮੌਤ ਹੋ ਗਈ ਹੈ, ਜਿਸ ਨਾਲ ਹੁਣ ਤਕ ਕਰੋਨਾ ਕਾਰਨ ਮਰਨ ਵਾਲਿਆਂ ਦਾ ਅੰਕੜਾ ਵਧ ਕੇ 56 ਹੋ ਗਿਆ ਹੈ। ਇਸ ਦੌਰਾਨ ਅੱਜ 15 ਹੋਰ ਨਵੇਂ ਕਰੋਨਾ ਪਾਜ਼ੇਟਿਵ ਕੇਸ ਆਏ ਹਨ।

ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਅੱਜ 62 ਸਾਲਾ ਯੁਧਵੀਰ ਸਿੰਘ ਵਾਸੀ ਪ੍ਰਤਾਪ ਨਗਰ ਦੀ ਕਰੋਨਾ ਕਾਰਨ ਮੌਤ ਹੋਈ ਹੈ। ਉਹ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਜ਼ੇਰੇ ਇਲਾਜ ਸੀ। ਇਸ ਦੌਰਾਨ 15 ਹੋਰ ਨਵੇਂ ਕਰੋਨਾ ਪਾਜ਼ੇਟਿਵ ਮਾਮਲੇ ਆਏ ਹਨ।

ਹੁਸ਼ਿਆਰਪੁਰ (ਪੱਤਰ ਪ੍ਰੇਰਕ): ਇੱਥੇ ਅੱਜ ਤਿੰਨ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਹੁਣ ਜ਼ਿਲ੍ਹੇ ’ਚ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 210 ਹੋ ਗਈ ਹੈ। ਅੱਜ 143 ਕੋਵਿਡ-19 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਜਿਨ੍ਹਾਂ ਵਿੱਚ ਤਿੰਨ ਵਿਅਕਤੀ ਪਾਜ਼ੀਟਿਵ ਪਾਏ ਗਏ। ਇਨ੍ਹਾਂ ਵਿੱਚ ਇੱਕ ਸਥਾਨਕ ਮੁਹੱਲਾ ਕਮਾਲਪੁਰ ਵਾਸੀ ਸਿਵਲ ਜੱਜ ਹਨ ਜੋ ਜਲੰਧਰ ਵਿੱਚ ਤਾਇਨਾਤ ਹਨ। ਇਨ੍ਹਾਂ ਤੋਂ ਇਲਾਵਾ ਇੱਕ ਦਸੂਹਾ ਦੇ ਪਿੰਡ ਬੰਗਾਲੀਪੁਰ ਨਾਲ ਅਤੇ ਦੂਜਾ ਪਿੰਡ ਡਡਿਆਣਾ ਖੁਰਦ ਨਾਲ ਸਬੰਧਤ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹੇ ਵਿੱਚ 5 ਵਿਅਕਤੀਆਂ ਤੋਂ ਵੱਧ ਜਨਤਕ ਥਾਵਾਂ ’ਤੇ ਇਕੱਠ ਕਰਨ ’ਤੇ ਮੁਕੰਮਲ ਰੋਕ ਲਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਵਿਆਹ ਅਤੇ ਹੋਰ ਸਮਾਜਿਕ ਪ੍ਰੋਗਰਾਮਾਂ ਵਿੱਚ 30 ਤੇ ਅੰਤਿਮ ਸੰਸਕਾਰ ਵਿੱਚ ਇਕੱਠ 20 ਜਣਿਆਂਂ ਤੱਕ ਸੀਮਤ ਰਹੇਗਾ।

ਸ਼ਾਹਕੋਟ (ਪੱਤਰ ਪ੍ਰੇਰਕ): ਇਲਾਕੇ ਵਿਚ ਅੱਜ ਕਰੋਨਾ ਦੇ 7 ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 5 ਪਿੰਡ ਅਕਬਰਪੁਰ, 1 ਮਲਸੀਆਂ ਅਤੇ 1 ਪਿੰਡ ਪਛਾੜੀਆਂ ਨਾਲ ਸਬੰਧਤ ਹੈ। ਐੱਸ.ਐੱਮ.ਓ ਸ਼ਾਹਕੋਟ ਡਾ ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਪਿੰਡ ਅਕਬਰਪੁਰ ਦੇ 9 ਮਹੀਨੇ ਦੇ ਬੱਚੇ ਸਮੇਤ 5 ਦੀ,ਪਿੰਡ ਮਲਸੀਆਂ ਦੀ ਪੱਤੀ ਪਵੇਲੀ ਦੇ 40 ਸਾਲਾ ਅਤੇ ਪਿੰਡ ਪਛਾੜੀਆਂ ਦੇ 44 ਸਾਲਾ ਵਿਅਕਤੀ ਦੀ ਕਰੋਨਾ ਪਾਜ਼ੇਟਿਵ ਰਿਪੋਰਟ ਆਈ ਹੈ। ਉਨ੍ਹਾਂ ਕਿਹਾ ਕਿ ਇਸਤੋਂ ਇਲਾਵਾ ਪਿੰਡ ਸੰਗੋਵਾਲ ਦੇ 2 ਵਿਅਕਤੀ ਵੀ ਕਰੋਨਾ ਪੀੜਤ ਪਾਏ ਗਏ ਹਨ।

ਗੁਰਾਇਆ (ਨਿੱਜੀ ਪੱਤਰ ਪ੍ਰੇਰਕ) ਨੇੜਲੇ ਪਿੰਡ ਰੁੜਕਾ ਖ਼ੁਰਦ ’ਚ ਨੌਜਵਾਨ ਅਮਰਜੀਤ ਸਿੰਘ (32) ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਕਰਦਿਆਂ ਐਸਐਮਓ ਬੜਾਪਿੰਡ ਡਾ. ਜਯੋਤੀ ਫੁਕੇਲਾ ਨੇ ਕਿਹਾ ਕਿ ਮਰੀਜ਼ ਨੂੰ ਜਲੰਧਰ ਭੇਜ ਦਿੱਤਾ ਗਿਆ ਹੈ। ਉਸ ਦੇ ਸੰਪਰਕ ਚ ਆਉਣ ਵਾਲਿਆਂ ਦੀ ਪੜਤਾਲ ਲਈ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਨਹੀਂ ਕਰ ਰਹੇ।

ਸਿਵਲ ਹਸਪਤਾਲ ਅਤੇ ਹੋਮ ਆਈਸੋਲੇਸ਼ਨ ਤੋਂ 63 ਹੋਰ ਮਰੀਜ਼ਾਂ ਨੂੰ ਛੁੱਟੀ

ਜਲੰਧਰ, (ਪਾਲ ਸਿੰਘ ਨੌਲੀ): ਜ਼ਿਲ੍ਹੇ ਵਿੱਚ ਅੱਜ 63 ਹੋਰ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਇਨ੍ਹਾਂ ਵਿਚ ਸਰਕਾਰੀ ਮੈਰੀਟੋਰੀਅਸ ਸਕੂਲ ਦੇ ਕੋਵਿਡ ਕੇਅਰ ਸੈਂਟਰ ਤੋਂ 19, ਸਿਵਲ ਹਸਪਤਾਲ ਤੋਂ 9 ਅਤੇ ਆਈਐੱਮਏ ਫੈਕਲਟੀ ਸੈਂਟਰ ਤੋਂ 3 ਮਰੀਜ਼ ਅਤੇ ਹੋਮ ਕੁਆਰੰਟੀਨ ਤੋਂ 32 ਮਰੀਜ਼ ਸ਼ਾਮਿਲ ਹਨ। ਇਨ੍ਹਾਂ ਮਰੀਜ਼ਾਂ ਦਾ ਕੋਵਿਡ ਕੇਅਰ ਸੈਂਟਰ ਅਤੇ ਸਿਵਲ ਹਸਪਤਾਲ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾ. ਕਸ਼ਮੀਰੀ ਲਾਲ ਅਤੇ ਡਾ. ਜਗਦੀਸ਼ ਕੁਮਾਰ ਦੀ ਅਗਵਾਈ ਵਾਲੀਆਂ ਸਮਰਪਿਤ ਟੀਮਾਂ ਵੱਲੋਂ ਇਲਾਜ ਕੀਤਾ ਗਿਆ ਜਦਕਿ ਤਿੰਨ ਮਰੀਜ਼ਾਂ ਦਾ ਆਈਐੱਮਏ ਫੈਕਲਟੀ ਸੈਂਟਰ ਵਿਚ ਇਲਾਜ ਚੱਲ ਰਿਹਾ ਸੀ। ਇਸੇ ਤਰ੍ਹਾਂ 32 ਮਰੀਜ਼ਾਂ ਨੇ ਆਪਣਾ ਹੋਮ ਕੁਆਰੰਟੀਨ ਦਾ ਸਮਾਂ ਪੂਰਾ ਕਰ ਲਿਆ। ਇਨ੍ਹਾਂ ਮਰੀਜ਼ਾਂ ਦੀ ਸਿਹਤ ਵਿਭਾਗ ਵੱਲੋਂ ਹੋਮ ਕੁਆਰੰਟੀਨ ਦੇ ਸਮੇਂ ਦੀ ਨਿਗਰਾਨੀ ਕੀਤੀ ਜਾ ਰਹੀ ਸੀ।

ਪ੍ਰਾਈਵੇਟ ਹਸਪਤਾਲ ’ਤੇ ਇਲਾਜ ਵਿਚਾਲੇ ਛੱਡਣ ਦਾ ਦੋਸ਼

ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ) ਸਥਾਨਕ ਗਿਲਵਾਲੀ ਗੇਟ ਵਾਸੀ ਰਾਹੁਲ ਨਾਂਅ ਦੇ ਵਿਅਕਤੀ ਨੇ ਅੱਜ ਪੁਲੀਸ ਕਮਿਸ਼ਨਰ ਨੂੰ ਇਕ ਸ਼ਿਕਾਇਤ ਪੱਤਰ ਦੇ ਕੇ ਅਪੀਲ ਕੀਤੀ ਹੈ ਕਿ ਉਸ ਨੂੰ ਨਿਆਂ ਦਿੱਤਾ ਜਾਵੇ। ਉਸ ਨੇ ਦੋਸ਼ ਲਾਇਆ ਕਿ ਆਪਣੇ ਭਰਾ ਨੂੰ ਹੋਏ ਕਰੋਨਾ ਦੇ ਇਲਾਜ ਲਈ ਇੱਕ ਪ੍ਰਾਈਵੇਟ ਹਸਪਤਾਲ ਨੂੰ ਛੇ ਲੱਖ ਰੁਪਏ ਵੀ ਦਿੱਤੇ ਹਨ ਪਰ ਉਸ ਦਾ ਇਲਾਜ ਵਿਚਾਲੇ ਛੱਡ ਦਿੱਤਾ ਗਿਆ ਜਿਸ ਨਾਲ ਉਸ ਦੀ ਬਾਅਦ ਵਿਚ ਮੌਤ ਹੋ ਗਈ। ਰਾਹੁਲ ਨੇ ਦੱਸਿਆ ਕਿ ਉਸ ਦੇ ਮਾਤਾ, ਪਿਤਾ ਤੇ ਭਰਾ ਨੂੰ ਖਾਂਸੀ ਦੀ ਸ਼ਿਕਾਇਤ ਸੀ। ਇਸ ਸਬੰਧ ਵਿਚ ਉਸ ਨੇ ਪ੍ਰਾਈਵੇਟ ਹਸਪਤਾਲ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਉਸ ਦੇ ਭਰਾ ਅਤੇ ਮਾਂ ਦੇ ਕਰੋਨਾ ਸਬੰਧੀ ਟੈਸਟ ਕਰਾਏ, ਜੋ ਪਾਜ਼ੇਟਿਵ ਦੱਸੇ ਗਏ। ਉਸ ਨੇ ਦੱਸਿਆ ਕਿ ਕਈ ਦਿਨ ਚੱਲੇ ਇਲਾਜ ਦੌਰਾਨ ਉਸ ਦਾ ਭਰਾ ਅਤੇ ਮਾ ਦੋਵੇਂ ਠੀਕ ਵੀ ਹੋ ਗਏ ਸਨ। ਇਸ ਸਮੇਂ ਦੌਰਾਨ ਉਸ ਨੇ ਛੇ ਲੱਖ ਰੁਪਏ ਹਸਪਤਾਲ ਨੂੰ ਦਿੱਤੇ ਸਨ।ਉਸ ਨੇ ਦੋਸ਼ ਲਾਇਆ ਕਿ ਹਸਪਤਾਲ ਪ੍ਰਬੰਧਕਾਂ ਵਲੋਂ ਹੋਰ ਪੈਸੇ ਦੀ ਮੰਗ ਕੀਤੀ ਗਈ ਪਰ ਉਸ ਕੋਲੋਂ ਪੈਸੇ ਦਾ ਪ੍ਰਬੰਧ ਨਹੀਂ ਹੋ ਸਕਿਆ। ਅਜਿਹੀ ਸਥਿਤੀ ਵਿਚ ਹਸਪਤਾਲ ਨੇ ਉਸ ਨੂੰ ਆਪਣੇ ਭਰਾ ਨੂੰ ਕਿਸੇ ਹੋਰ ਹਸਪਤਾਲ ਲੈ ਕੇ ਜਾਣ ਵਾਸਤੇ ਆਖ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਹੋਰ ਪੈਸੇ ਨਾ ਦੇਣ ਕਾਰਨ ਭਰਾ ਦਾ ਇਲਾਜ ਬੰਦ ਕਰ ਦਿੱਤਾ ਗਿਆ ਸੀ, ਜਿਸ ਨਾਲ ਉਸ ਦੀ ਸਥਿਤੀ ਵਿਗੜ ਗਈ। ਮਗਰੋਂ ਉਸ ਨੂੰ ਕਿਸੇ ਹੋਰ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਾਇਆ ਪਰ ਤਿੰਨ ਦਿਨ ਬਾਅਦ ਉਸ ਦੀ ਮੌਤ ਹੋ ਗਈ। ਉਸ ਨੇ ਦਾਅਵਾ ਕੀਤਾ ਕਿ ਹਸਪਤਾਲ ਵਲੋਂ 19 ਲੱਖ ਰੁਪਏ ਦਾ ਬਿੱਲ ਬਣਾਇਆ ਗਿਆ ਹੈ, ਜਿਸ ਵਿਚ 7 ਲੱਖ ਰੁਪਏ ਭਰਾ ਦੀਆਂ ਦਵਾਈਆਂ ਦਾ ਬਿੱਲ, ਲਗਪਗ ਇੰਨਾ ਹੀ ਹਸਪਤਾਲ ਦਾ ਬਿੱਲ ਅਤੇ ਬਾਕੀ ਮਾਂ ਪਿਓ ਦੇ ਇਲਾਜ ਦਾ ਬਿੱਲ ਹੈ। ਉਸ ਨੇ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਦੇ ਕੇ ਅਪੀਲ ਕੀਤੀ ਹੈ ਕਿ ਪੈਸੇ ਦੇਣ ਦੇ ਬਾਵਜੂਦ ਉਸ ਦੇ ਭਰਾ ਦਾ ਇਲਾਜ ਰੋਕ ਦਿੱਤਾ ਗਿਆ, ਜੋ ਮੌਤ ਦਾ ਕਾਰਨ ਬਣਿਆ। ਇਸ ਦੀ ਜਾਂਚ ਕੀਤੀ ਜਾਵੇ ਅਤੇ ਨਿਆਂ ਦਿੱਤਾ ਜਾਵੇ।

ਡੀਐੱਸਪੀ ਨੇ ਕਰੋਨਾ ਖਿਲਾਫ਼ ਜੰਗ ਜਿੱਤੀ

ਡੀਐੱਸਪੀ ਮਨਜੀਤ ਸਿੰਘ

ਜੰਡਿਆਲਾ ਗੁਰੂ (ਪੱਤਰ ਪ੍ਰੇਰਕ) ਡੀਐੱਸਪੀ ਮਨਜੀਤ ਸਿੰਘ, ਉਨ੍ਹਾਂ ਦੀ ਪਤਨੀ ਤੇ ਪਰਿਵਾਰਕ ਮੈਂਬਰਾਂ ਦੇ ਟੈਸਟ ਪਾਜ਼ੇਟਿਵ ਆਉਣ ’ਤੇ ਉਨ੍ਹਾਂ ਨੂੰ ਘਰ ਵਿੱਚ ਹੀ ਇਕਾਂਤਵਾਸ ਕਰ ਕਰਕੇ ਇਲਾਜ ਕੀਤਾ ਜਾ ਰਿਹਾ ਸੀ। ਅੱਜ ਡੀਐੱਸਪੀ ਮਨਜੀਤ ਸਿੰਘ ਉਨ੍ਹਾਂ ਦੀ ਪਤਨੀ, ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਅਮਲੇ ਦੇ ਕੁਝ ਮੈਂਬਰਾਂ ਦਾ ਕੋਰੋਨਾ ਟੈਸਟ ਦੁਬਾਰਾ ਕੀਤੇ ਜਾਣ ਤੇ ਸਭ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ ਅਤੇ ਸਭ ਨੇ ਕੋਰੋਨਾ ਨਾਲ ਜੰਗ ਜਿੱਤ ਲਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All