ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਦਾ ਭਾਰਤ ਨਾਲ ‘ਨਿਰਪੱਖ ਵਪਾਰ ਸਮਝੌਤਾ’ ਸਿਰੇ ਚੜ੍ਹਨ ਦੇ ‘ਬਹੁਤ ਕਰੀਬ’ ਹੈ ਅਤੇ ਨਾਲ ਹੀ ਆਖਿਆ ਕਿ ਉਹ ਨਵੀਂ ਦਿੱਲੀ ’ਤੇ ਲਾਇਆ ਗਿਆ ਟੈਰਿਫ ‘ਕਿਸੇ ਸਮੇਂ’ ਘੱਟ ਕਰ ਦੇਣਗੇ। ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਇਹ ਦੂਜੀ ਵਾਰ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਨਾਲ ਤਜਵੀਜ਼ਤ ਦੁਵੱਲੇ ਵਪਾਰ ਸਮਝੌਤੇ ’ਤੇ ਮੋਹਰ ਲੱਗਣ ਦੀ ਉਮੀਦ ਜਤਾਈ ਹੈ। ਸ੍ਰੀ ਟਰੰਪ ਨੇ ਕਿਹਾ, ‘‘ਅਸੀਂ ਭਾਰਤ ਨਾਲ ਕਰਾਰ ਕਰ ਰਹੇ ਹਾਂ ਜੋ ਪਹਿਲਾਂ ਨਾਲੋਂ ਬਹੁਤ ਵੱਖਰਾ ਹੈ। ਹਾਲ ਦੀ ਘੜੀ ਉਹ ਮੈਨੂੰ ਪਸੰਦ ਨਹੀਂ ਕਰਦੇ, ਪਰ ਜਲਦੀ ਹੀ ਸਾਨੂੰ ਮੁੜ ਪਸੰਦ ਕਰਨ ਲੱਗ ਪੈਣਗੇ।’’ ਉਨ੍ਹਾਂ ਇਹ ਟਿੱਪਣੀਆਂ ਓਵਲ ਦਫ਼ਤਰ ਵਿੱਚ ਸਮਾਗਮ ਦੌਰਾਨ ਕੀਤੀਆਂ, ਜਿੱਥੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਸਰਜੀਓ ਗੋਰ ਨੂੰ ਭਾਰਤ ’ਚ ਅਮਰੀਕਾ ਦੇ ਰਾਜਦੂਤ ਵਜੋਂ ਸਹੁੰ ਚੁਕਾਈ। ਉਨ੍ਹਾਂ ਕਿਹਾ, ‘‘ਅਸੀਂ ਵਾਜਬ ਸਮਝੌਤਾ ਕਰ ਰਹੇ ਹਾਂ, ਸਿਰਫ ਨਿਰਪੱਖ ਸਮਝੌਤਾ। ਪਹਿਲਾਂ ਸਾਡੇ ਕੋਲ ਕਈ ਅਢੁੱਕਵੇਂ ਕਰਾਰ ਸਨ। ਭਾਰਤ ਦੇ ਲੋਕ ਬਹੁਤੇ ਵਧੀਆ ਵਾਰਤਾਕਾਰ ਹਨ, ਇਸ ਕਰ ਕੇ ਸਰਜੀਓ ਤੁਹਾਨੂੰ ਇਸ ’ਤੇ ਧਿਆਨ ਰੱਖਣਾ ਹੋਵੇਗਾ।’’
ਮੋਦੀ ਨਾਲ ਵਧੀਆ ਸਬੰਧਾਂ ਦਾ ਦਾਅਵਾ
ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਨੂੰ ਹਿੰਦ-ਪ੍ਰਸ਼ਾਂਤ ਖਿੱਤੇ ’ਚ ਅਹਿਮ ਆਰਥਿਕ ਅਤੇ ਰਣਨੀਤਕ ਸੁਰੱਖਿਆ ਭਾਈਵਾਲ ਦੱਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਅਮਰੀਕਾ ਦੇ ‘ਸ਼ਾਨਦਾਰ’ ਸਬੰਧ ਹਨ। ਉਨ੍ਹਾਂ ਕਿਹਾ, ‘‘ਸਾਡੇ, ਪ੍ਰਧਾਨ ਮੰਤਰੀ ਮੋਦੀ ਨਾਲ ‘ਸ਼ਾਨਦਾਰ’ ਸਬੰਧ ਹਨ ਅਤੇ ਸਰਜੀਓ ਗੋਰ ਨੇ ਇਹ ਰਿਸ਼ਤਾ ਹੋਰ ਮਜ਼ਬੂਤ ਕੀਤਾ ਹੈ ਕਿਉਂਕਿ ਉਨ੍ਹਾਂ ਦੇ ਪਹਿਲਾਂ ਤੋਂ ਹੀ ਪ੍ਰਧਾਨ ਮੰਤਰੀ ਨਾਲ ਦੋਸਤਾਨਾ ਸਬੰਧ ਹਨ। ਜਦੋਂ ਉਨ੍ਹਾਂ (ਮੋਦੀ) ਨੂੰ ਪਤਾ ਲੱਗਾ ਕਿ ਸਰਜੀਓ ਭਾਰਤ ਦੇ ਰਾਜਦੂਤ ਬਣਨ ਵਾਲੇ ਹਨ ਤਾਂ ਉਹ ਲਗਾਤਾਰ ਸੰਪਰਕ ’ਚ ਰਹਿੰਦੇ ਸਨ।’’

