ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦੇਸ਼ ਨੂੰ ਇਕਜੁੱਟ ਰੱਖਣ ਦਾ ਸਿਹਰਾ ਸੰਵਿਧਾਨ ਨੂੰ ਦਿੱਤਾ ਜਾਣਾ ਚਾਹੀਦੈ: ਚੀਫ ਜਸਟਿਸ

ਸੁਪਰੀਮ ਕੋਰਟ ਦੇ ਚੀਫ ਜਸਟਿਸ ਵੱਲੋਂ ਅਲਾਹਾਬਾਦ ਹਾਈ ਕੋਰਟ ’ਚ ਵਕੀਲਾਂ ਦੇ ਚੈਂਬਰ ਭਵਨ ਦਾ ਉਦਘਾਟਨ
ਪ੍ਰਯਾਗਰਾਜ ਵਿੱਚ ਚੀਫ ਜਸਟਿਸ ਬੀਆਰ ਗਵਈ ਦਾ ਸਨਮਾਨ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ। -ਫੋਟੋ: ਪੀਟੀਆਈ
Advertisement

ਪ੍ਰਯਾਗਰਾਜ, 31 ਮਈ

ਭਾਰਤ ਦੇ ਚੀਫ ਜਸਟਿਸ ਬੀਆਰ ਗਵਈ ਨੇ ਅੱਜ ਕਿਹਾ ਕਿ ਦੇਸ਼ ’ਤੇ ਜਦੋਂ ਵੀ ਸੰਕਟ ਆਇਆ ਉਸ ਨੇ ਮਜ਼ਬੂਤੀ ਤੇ ਇਕਜੁੱਟਤਾ ਨਾਲ ਉਸ ਦਾ ਸਾਹਮਣਾ ਕੀਤਾ ਅਤੇ ਇਸ ਦਾ ਸਿਹਰਾ ਸੰਵਿਧਾਨ ਨੂੰ ਦਿੱਤਾ ਜਾਣਾ ਚਾਹੀਦਾ ਹੈ।

Advertisement

ਇੱਥੇ ਅਲਾਹਾਬਾਦ ਹਾਈ ਕੋਰਟ ’ਚ 680 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਵਕੀਲਾਂ ਦੇ ਚੈਂਬਰ ਭਵਨ ਤੇ ਮਲਟੀ ਲੈਵਲ ਪਾਰਕਿੰਗ ਦਾ ਉਦਘਾਟਨ ਕਰਨ ਮਗਰੋਂ ਸਮਾਗਮ ਦੇ ਮੁੱਖ ਮਹਿਮਾਨ ਜਸਟਿਸ ਗਵਈ ਨੇ ਕਿਹਾ, ‘ਜਦੋਂ ਸੰਵਿਧਾਨ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਤਾਂ ਇਸ ਦਾ ਆਖਰੀ ਖਰੜਾ ਸੰਵਿਧਾਨ ਸਭਾ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਸ ਸਮੇਂ ਕੁਝ ਲੋਕ ਕਿਹਾ ਕਰਦੇ ਸਨ ਕਿ ਇਹ ਸੰਵਿਧਾਨ ਲੋੜ ਨਾਲੋਂ ਵੱਧ ਸੰਘੀ ਹੈ ਤੇ ਕੁਝ ਲੋਕ ਕਹਿੰਦੇ ਸਨ ਕਿ ਇਹ ਲੋੜ ਨਾਲੋਂ ਵੱਧ ਏਕਾਤਮਕ ਹੈ।’ ਉਨ੍ਹਾਂ ਕਿਹਾ, ‘ਬਾਬਾ ਸਾਹਿਬ ਨੇ ਇਸ ਦਾ ਇੱਕ ਜਵਾਬ ਦਿੱਤਾ ਸੀ ਕਿ ਸੰਵਿਧਾਨ ਨਾ ਤਾਂ ਪੂਰੀ ਤਰ੍ਹਾਂ ਸੰਘੀ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਏਕਾਤਮਕ ਹੈ। ਪਰ ਇੱਕ ਚੀਜ਼ ਮੈਂ ਤੁਹਾਨੂੰ ਕਹਿ ਸਕਦਾ ਹਾਂ ਕਿ ਅਸੀਂ ਅਜਿਹਾ ਸੰਵਿਧਾਨ ਦਿੱਤਾ ਹੈ ਜੋ ਭਾਰਤ ਨੂੰ ਸ਼ਾਂਤੀ ਤੇ ਜੰਗ ਦੋਵਾਂ ਸਮਿਆਂ ’ਚ ਇਕਜੁੱਟ ਤੇ ਮਜ਼ਬੂਤ ਰੱਖੇਗਾ।’ ਚੀਫ ਜਸਟਿਸ ਨੇ ਕਿਹਾ, ‘ਅੱਜ ਅਸੀਂ ਦੇਖਦੇ ਹਾਂ ਕਿ ਸਾਡੇ ਗੁਆਂਢੀ ਦੇਸ਼ਾਂ ’ਚ ਕੀ ਸਥਿਤੀ ਹੈ ਅਤੇ ਭਾਰਤ ਆਜ਼ਾਦੀ ਤੋਂ ਬਾਅਦ ਵਿਕਾਸ ਦੀ ਯਾਤਰਾ ’ਤੇ ਹੈ। ਜਦੋਂ ਕਦੀ ਸੰਕਟ ਆਇਆ, ਦੇਸ਼ ਇਕਜੁੱਟ ਤੇ ਮਜ਼ਬੂਤ ਰਿਹਾ। ਇਸ ਦਾ ਸਿਹਰਾ ਸੰਵਿਧਾਨ ਨੂੰ ਦਿੱਤਾ ਜਾਣਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਲਾਗੂ ਹੋਣ ਦੀ 75 ਸਾਲ ਦੀ ਯਾਤਰਾ ’ਚ ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਨੇ ਸਮਾਜਿਕ ਤੇ ਆਰਥਿਕ ਬਰਾਬਰੀ ਲਿਆਉਣ ’ਚ ਵੱਡਾ ਯੋਗਦਾਨ ਦਿੱਤਾ ਹੈ। ਸਮਾਗਮ ਨੂੰ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੁਪਰੀਮ ਕੋਰਟ ਦੇ ਜਸਟਿਸ ਸੂਰਿਆਕਾਂਤ, ਜਸਟਿਸ ਵਿਕਰਮ ਨਾਥ, ਜਸਟਿਸ ਜੇਕੇ ਮਹੇਸ਼ਵਰੀ, ਜਸਟਿਸ ਪੰਕਜ ਮਿਥਲ, ਜਸਟਿਸ ਮਨੋਜ ਮਿਸ਼ਰਾ, ਕਾਨੂੰਨ ਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ, ਅਲਾਹਾਬਾਦ ਹਾਈ ਦੇ ਚੀਫ ਜਸਟਿਸ ਅਰੁਣ ਭੰਸਾਲੀ ਤੇ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਡੀਕੇ ਉਪਾਧਿਆਏ ਵੀ ਹਾਜ਼ਰ ਸਨ। -ਪੀਟੀਆਈ

Advertisement